ਜਲੰਧਰ 23 ਜਨਵਰੀ : ਸੀ.ਪੀ.ਆਈ. ( ਐਮ. ) ਜ਼ਿਲ੍ਹਾ ਜਲੰਧਰ – ਕਪੂਰਥਲਾ ਦੀ ਮੀਟਿੰਗ ਜ਼ਿਲ੍ਹਾ ਹੈੱਡਕੁਆਟਰ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਜਲੰਧਰ ਵਿਖੇ ਹੋਈ ਜਿਸ ਦੀ ਪ੍ਰਧਾਨਗੀ  ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਕੀਤੀ  । ਆਰੰਭ ਵਿੱਚ ਸੀ.ਪੀ.ਆਈ. ( ਐਮ. )  ਦੇ ਵਿਛੜੇ  ਸਿਰਮੌਰ ਆਗੂ ਕਾਮਰੇਡ ਰਘੁਨਾਥ  ਸਿੰਘ ਅਤੇ ਵਰਤਮਾਨ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਡੇਢ ਸੌ ਤੋਂ ਵੱਧ ਕਿਸਾਨਾਂ ਨੂੰ  ਦੋ ਮਿੰਟ ਦਾ ਮੋਨ  ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ  । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. ( ਐਮ. )ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਜਿੱਥੇ ਦੇਸ਼ ਅਤੇ ਪੰਜਾਬ ਦੀ ਰਾਜਨੀਤਕ ਅਤੇ ਆਰਥਿਕ ਸਥਿਤੀ ਬਾਰੇ ਚਾਨਣਾ ਪਾਇਆ । ਉੱਥੇ ਅੱਜ  ਕੱਲ ਦੇਸ਼ ਭਰ ਦੇ ਕਿਸਾਨਾਂ ਵੱਲੋਂ ਲੜੇ ਜਾ ਰਹੇ ਅਤੇ ਨਵਾਂ ਇਤਿਹਾਸ ਸਿਰਜ ਰਹੇ ਵਰਤਮਾਨ ਕਿਸਾਨ ਸੰਘਰਸ਼ ਦੇ ਵੱਖ – ਵੱਖ ਪਹਿਲੂਆਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ  । ਕਾਮਰੇਡ ਸੇਖੋਂ ਨੇ ਕਿਹਾ ਕਿ ਸੀ.ਪੀ. ਆਈ. ( ਐੱਮ. ) ਪਹਿਲੇ ਦਿਨ ਤੋਂ ਹੀ ਇਸ ਸੰਘਰਸ਼ ਦੀ ਮੁਕੰਮਲ ਹਿਮਾਇਤ  ਕਰਦੀ ਆ ਰਹੀ ਹੈ ਅਤੇ ਅੰਤਿਮ ਜਿੱਤ ਤੱਕ ਇਸ ਨੂੰ ਜਾਰੀ ਰੱਖੇਗੀ  । ਕਾਮਰੇਡ ਸੇਖੋਂ ਨੇ ਪੰਜਾਬ ਦੇ ਸਮੂਹ ਕਿਸਾਨਾਂ ਅਤੇ ਹੋਰ ਸਾਰੇ ਜਮਹੂਰੀ ਸੋਚ ਵਾਲੇ ਪੰਜਾਬੀਆਂ ਨੂੰ ਹੋਕਾ ਦਿੱਤਾ ਕਿ ਉਹ 26 ਜਨਵਰੀ ਦੀ ਇਤਿਹਾਸਕ ਟਰੈਕਟਰ ਪਰੇਡ ਵਿੱਚ ਲੱਖਾਂ ਦੀ ਗਿਣਤੀ  ਵਿੱਚ ਸ਼ਮੂਲੀਅਤ ਕਰਨ ਲਈ ਹੁੰਮ ਹੁਮਾ ਕੇ ਦਿੱਲੀ ਪਹੁੰਚਣ  । ਕਾਮਰੇਡ ਸੇਖੋਂ ਨੇ ਦੱਸਿਆ ਕਿ 26 ਜਨਵਰੀ ਦੇ ਲਾਮਿਸਾਲ ਟਰੈਕਟਰ ਮਾਰਚ ਵਿਚ ਸ਼ਾਮਲ ਹੋਣ ਲਈ ਪੰਜਾਬ ਵਿੱਚੋਂ ਹਜ਼ਾਰਾਂ ਟਰੈਕਟਰ ਕੌਮੀ ਝੰਡਾ ਤਿਰੰਗਾ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਲਾਲ ਝੰਡੇ ਲਾ ਕੇ ਦਿੱਲੀ ਪਹੁੰਚਣਗੇ  । ਕਾਮਰੇਡ ਸੇਖੋਂ ਅਨੁਸਾਰ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਪਹਿਲਾਂ ਹੀ ਦਿੱਲੀ ਨੂੰ ਚਾਲੇ ਪਾ ਚੁੱਕੇ ਹਨ  । ਇਨ੍ਹਾਂ ਵਿਚੋਂ ਇਕ ਵੱਡਾ ਹਿੱਸਾ ਤਾਂ ਦਿੱਲੀ ਦੀਆਂ ਬਰੂਹਾਂ ਉੱਤੇ ਪਹਿਲਾਂ ਹੀ ਪਹੁੰਚ ਚੁੱਕਾ ਹੈ  । ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਝੂਠੇ ਵਕਾਰ ਦੇ ਸਵਾਲ  ਨੂੰ ਛੱਡ ਕੇ ਅਤੇ ਵੱਡਾ ਦਿਲ ਕਰਕੇ ਤਿੰਨੇ ਕਾਲੇ ਕਾਨੂੰਨਾਂ ਨੂੰ ਆਪਣੇ ਤੌਰ ਤੇ ਹੀ ਰੱਦ ਕਰ ਦੇਣ ਅਤੇ ਕਿਸਾਨਾਂ ਦੀਆਂ ਬਾਕੀ ਮੰਗਾਂ ਜਿਵੇ ਕਿ ਐੱਮ.ਐੱਸ.ਪੀ. , ਸਰਕਾਰੀ ਖ਼ਰੀਦ ਅਤੇ ਪਬਲਿਕ  ਵੰਡ ਪ੍ਰਣਾਲੀ ( ਪੀ.ਡੀ.ਐਸ.) ਦੀ ਕਾਨੂੰਨੀ ਗਾਰੰਟੀ ਨੂੰ ਪ੍ਰਵਾਨ ਕਰ ਲੈਣ  । ਕਾਮਰੇਡ ਤੱਗੜ ਨੇ ਕਿਹਾ ਕਿ ਅਜਿਹਾ ਕਰਨ ਨਾਲ ਪ੍ਰਧਾਨ ਮੰਤਰੀ ਦਾ ਕੱਦ ਛੋਟਾ ਨਹੀਂ ਹੋਵੇਗਾ ਸਗੋਂ ਹੋਰ ਉੱਚਾ ਹੋਵੇਗਾ  ।

ਮੀਟਿੰਗ ਵਿੱਚ ਹੋਏ ਬਾਕੀ ਫ਼ੈਸਲਿਅਾਂ ਬਾਰੇ ਕਾਮਰੇਡ ਤੱਗੜ ਨੇ ਦੱਸਿਆ ਕਿ 28 ਫ਼ਰਵਰੀ ਤੱਕ ਦੋਹਾਂ ਜ਼ਿਲ੍ਹਿਆਂ ਵਿੱਚ ਸਾਰੀ ਪਾਰਟੀ ਮੈਂਬਰਸ਼ਿਪ ਦਾ ਨਵੀਨੀਕਰਨ ਮੁਕੰਮਲ ਕਰ ਲਿਆ ਜਾਵੇਗਾ  । ਪਾਰਟੀ ਵਾਸਤੇ ਫੰਡ ਇਕੱਠਾ ਕਰਨ ਅਤੇ ਪਾਰਟੀ ਦੇ ਬੁਲਾਰੇ ਮਾਸਿਕ ਲੋਕ ਲਹਿਰ ਦੀ ਜੀਵਨ ਗਾਹਕ ਬਣਾਉਣ ਦੀਆਂ ਮੁਹਿੰਮਾਂ ਵੀ 28 ਫਰਵਰੀ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ  । ਜ਼ਿਲ੍ਹੇ ਵਿਚ ਹੋਣ ਵਾਲੀਆਂ ਮਿਉਂਸਿਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਦੀ ਚੋਣਾਂ ਵਿਚ ਵੀ ਪਾਰਟੀ ਸ਼ਮੂਲੀਅਤ ਕਰੇਗੀ  । ਮੀਟਿੰਗ ਵਿੱਚ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ , ਪ੍ਰਸ਼ੋਤਮ ਬਿਲਗਾ , ਪ੍ਰਕਾਸ਼ ਕਲੇਰ , ਸੁਖਦੇਵ ਸਿੰਘ ਬਾਸੀ , ਵਰਿੰਦਰਪਾਲ ਕਾਲਾ , ਗੁਰਪਰਮਜੀਤ ਕੌਰ ਤੱਗੜ  , ਵਿਜੈ ਧਰਨੀ , ਮਲਕੀਤ ਚੰਦ ਭੋਇਪੁਰੀ , ਰਾਮ ਮੂਰਤੀ ਸਿੰਘ , ਸੀਤਲ ਸਿੰਘ ਸੰਘਾ ਅਤੇ ਹੋਰ ਸਾਥੀਆਂ ਨੇ ਸ਼ਮੂਲੀਅਤ ਕੀਤੀ  । ਇਸ ਮੌਕੇ ਤੇ ਜ਼ਿਲ੍ਹੇ ਵੱਲੋਂ 22000 ਰੁਪਏ ਪਾਰਟੀ ਫੰਡ ਵੀ ਸਾਥੀ ਸੇਖੋਂ ਨੂੰ ਭੇਂਟ ਕੀਤਾ ਗਿਆ  । ਕਾਮਰੇਡ ਤੱਗੜ ਨੇ ਦੱਸਿਆ ਕਿ ਹੁਣ ਤੱਕ ਕੁੱਲ 71000 ਰੁਪਏ ਜ਼ਿਲ੍ਹੇ ਵਲੋਂ  ਸੂਬਾ ਪਾਰਟੀ ਨੂੰ ਭੇਂਟ ਕੀਤੇ ਜਾ ਚੁੱਕੇ ਹਨ  । ਕਿਸਾਨ ਸੰਘਰਸ਼ ਵਾਸਤੇ ਦਿੱਲੀ ਮੋਰਚੇ ਵਿਚ ਭੇਜੀ ਸਹਾਇਤਾ ਇਸ ਤੋਂ ਵੱਖਰੀ ਹੈ  । ਅੰਤ ਵਿੱਚ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।