ਜਲੰਧਰ: ਮੈਂ ਇਹ ਪੱਤਰ ਭਾਰਤ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਧੋਖੇ ਖਿਲਾਫ ਰੋਸ ਵਜੋਂ ਅਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਚਲ ਰਹੇ ਸ਼ਾਂਤੀਪੂਰਨ ਤੇ ਲੋਕਤੰਤਰੀ ਸੰਘਰਸ਼ ਪ੍ਰਤੀ ਸਰਕਾਰ ਦੀ ਬੇਰੁਖੀ ਤੇ ਦਮਨਕਾਰੀ ਨੀਤੀ ਤੋਂ ਹੈਰਾਨ ਹੋ ਕੇ ਪਦਮ ਵਿਭੂਸ਼ਣ ਐਵਾਰਡ ਵਾਪਸ ਦੇਣ ਲਈ ਲਿਖ ਰਿਹਾ ਹਾਂ।ਜਦੋਂ ਭਾਰਤ ਸਰਕਾਰ ਨੇ ਆਰਡੀਨੈਂਸ ਲਿਆਂਦੇ ਸਨ ਤਾਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਆਰਡੀਨੈਂਸਾਂ ਪ੍ਰਤੀ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਇਸ ਸਬੰਧ ਬਿੱਲ ਲਿਆਉਣ ਸਮੇਂ ਤੇ ਐਕਟ ਬਣਾਉਣ ਸਮੇਂ ਦੂਰ ਕੀਤਾ ਜਾਵੇਗਾ। ਇਹਨਾਂ ਭਰੋਸਿਆਂ ’ਤੇ ਵਿਸ਼ਵਾਸ ਕਰ ਕੇ ਮੈਂ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਰਕਾਰ ਦੀ ਗੱਲ ’ਤੇ ਭਰੋਸਾ ਕਰਨ ਪਰ ਜਦੋਂ ਸਰਕਾਰ ਆਪਣੀ ਗੱਲ ਤੋਂ ਮੁਕਰ ਗਈ ਤਾਂ ਮੈਂ ਹੈਰਾਨ ਰਹਿ ਗਿਆ।
ਮੇਰੇ ਲੰਬੇ ਸਿਆਸੀ ਜੀਵਨ ਵਿਚ ਇਹ ਸਭ ਤੋਂ ਪੀੜਾਦਾਇਕ ਤੇ ਨਮੋਸ਼ੀ ਭਰਿਆ ਸਮਾਂ ਸੀ। ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿ ਉਸ ਵੇਲੇ ਤੋਂ ਮੈਂ ਕਿਵੇਂ ਭਾਵੁਕ ਤਣਾਅ ਵਿਚੋਂ ਲੰਘ ਰਿਹਾ ਹਾਂ। ਮੈਂ ਤਾਂ ਇਹ ਸੋਚ ਕੇ ਹੈਰਾਨ ਹਾਂ ਕਿ ਦੇਸ਼ ਦੀ ਸਰਕਾਰ ਇੰਨੀ ਬੇਦਰਦ, ਇੰਨੀ ਸਨਕੀ ਤੇ ਕਿਸਾਨਾਂ ਪ੍ਰਤੀ ਇੰਨੀ ਨਾਸ਼ੁਕਰੀ ਕਿਉਂ ਹੋ ਗਈ।ਮੈਂ ਜਦੋਂ ਤੁਹਾਨੂੰ ਇਹ ਪੱਤਰ ਲਿਖ ਰਿਹਾ ਹਾਂ ਤਾਂ ਇਸ ਗੱਲੋਂ ਜਾਣੂ ਹਾਂ ਕਿ ਮੈਂ ਰਾਸ਼ਟਰਪਤੀ ਨੂੰ ਲਿਖ ਰਿਹਾ ਹੈ ਜੋ ਦੇਸ਼ ਦੀ 70 ਫੀਸਦੀ ਵਸੋਂ ਜੋ ਕਿ ਕਿਸਾਨ ਹਨ, ਦੇ ਭਵਿੱਖ ਦਾ ਫੈਸਲਾ ਕਰਦੇ ਹਨ। 70 ਸਾਲਾਂ ਤੋਂ ਕਿਸਾਨ ਦੇਸ਼ ਦੀ ਸੇਵਾ ਕਰ ਰਹੇ ਹਨ ਅਤੇ ਅੰਨਦਾਤਾ ਨਿਰਵਸਾਰਥ ਭਾਵਨਾ ਨਾਲ ਆਪ ਹੀ ਤਕਲੀਫਾਂ ਝਲਦਿਆਂ ਅਜਿਹਾ ਕਰ ਰਿਹਾ ਹੈ।
ਮੈਨੂੰ ਇਹ ਮੁੜ ਦੱਸਣ ਦੀ ਜ਼ਰੂਰਤ ਨਹੀਂ ਕਿ ਇਹ ਦੇਸ਼ ਕਿਸਾਨਾਂ ਦਾ ਕਰਜ਼ਦਾਰ ਹੈ ਤੇ ਇਹ ਕਰਜ਼ਾ ਕਦੇ ਮੋੜਿਆ ਨਹੀਂ ਜਾ ਸਕਦਾ। ਜਦੋਂ 60ਵਿਆਂ ਵਿਚ ਦੇਸ਼ ਭੁੱਖਮਰੀ ਤੇ ਜ਼ਲਾਲਤ ਦਾ ਸ਼ਿਕਾਰ ਸੀ ਅਤੇ ਉਸਨੂੰ ਵਿਸ਼ਵ ਦੇ ਪੂੰਜੀਵਾਦੀਆਂ ਅੱਗੇ ਅਨਾਜ ਲਈ ਝੋਲੀ ਅੱਡਣੀ ਪੈਂਦੀ ਸੀ ਤਾਂ ਉਦੋਂ ਸਰਕਾਰ ਨੇ ਇਸ ਭੁੱਖਮਰੀ ਵਿਚੋਂ ਬਾਹਰ ਕੱਢਣ ਲਈ ਕਿਸਾਨਾਂ ਦਾ ਰੁੱਖ ਕੀਤਾ ਸੀ। ਕਿਸਾਨਾਂ ਨੇ ਪੂਰੀ ਸ਼ਿੱਦਤ ਤੇ ਦਿਲੋਂ ਮਿਹਨਤ ਕਰ ਕੇ ਤਿੰਨ ਸਾਲਾਂ ਵਿਚ ਹੀ ਦੇਸ਼ ਨੂੰ ਅਨਾਜ ਮੰਗਣ ਵਾਲੇ ਮੁਲਕ ਤੋਂ ਅਨਾਜ ਬਰਾਮਦ ਕਰਨ ਵਾਲਾ ਮੁਲਕ ਬਣਾ ਦਿੱਤਾ। ਇਹ ਤਬਦੀਲੀ ਮੁੱਖ ਤੌਰ ’ਤੇ ਪੰਜਾਬ ਵੱਲੋਂ ਹਰੀ ¬ਕ੍ਰਾਂਤੀ ਨਾਲ ਲਿਆਂਦੀ ਗਈ ਪਰ ਅਜਿਹਾ ਕਰਦਿਆਂ ਕਿਸਾਨ ਨੇ ਆਪਣੇ ਦੋ ਕੁਦਰਤੀ ਸਰੋਤ ਜੋ ਉਸ ਕੋਲ ਸਨ : ਉਪਜਾਊ ਧਰਤੀ ਤੇ ਪਾਣੀ ਕੁਰਬਾਨ ਕਰ ਦਿੱਤੇ।
ਅੱਜ ਉਸੇ ਕਿਸਾਨ ਨੂੰ ਆਪਣੀ ਰੋਟੀ ਵਾਸਤੇ ਸੰਘਰਸ਼ ਕਰਨੇ ਪੈ ਹਨ ਤਾਂਜੋ ਕਿ ਉਹ ਆਪਣੇ ਜਿਉਣ ਦੇ ਮੌਲਿਕ ਅਧਿਕਾਰ ਨੂੰ ਬਚਾ ਸਕੇ। ਤਿੰਨ ਐਕਟਾਂ ਨੇ ਦੇਸ਼ ਦੀ ਪਹਿਲਾਂ ਹੀ ਕਸੂਤੀ ਫਸੀ ਕਿਸਾਨੀ ਨੂੰ ਵੱਡੀ ਸੱਟ ਮਾਰੀ ਹੈ।
ਹੁਣ ਹਜ਼ਾਰਾਂ ਕਿਸਾਨਾਂ ਦੀਆਂ ਇਕ ਆਵਾਜ਼ ਵਿਚ ਕੌਮੀ ਰਾਜਧਾਨੀ ਵਿਚ ਇਨਸਾਫ ਲਈ ਚੀਖਦਿਆਂ ਦੀਆਂ ਤਸਵੀਰਾਂ ਵੇਖ ਕੇ ਕੋਈ ਹੋਰ ਮੁਲਕ ਜਾਂ ਉਸਦੀ ਸਰਕਾਰ ਵੀ ਹਿੱਲ ਜਾਵੇਗੀ। ਅਫਸੋਸ ਹੈ ਕਿ ਕਿਸਾਨ ਦੀ ਪੀੜਾ ਤੇ ਰੋਹ ਪ੍ਰਤੀ ਅਜਿਹੀ ਕੋਈ ਸੰਜੀਦਗੀ ਇਥੇ ਨਹੀਂ ਦਿਸ ਰਹੀ। ਮੈਨੂੰ ਯਕੀਨ ਹੈ ਕਿ ਸਾਡੇ ਮਹਾਨ ਦੇਸ਼ ਦੇ ਪਹਿਲੇ ਨਾਗਰਿਕ ਹੋਣ ਦੇ ਨਾਅਤੇ ਅਤੇ ਇਕ ਸਜਗ ਜਨਤਕ ਸ਼ਖਸੀਅਤ ਹੋਣ ਦੇ ਨਾਅਤੇ ਤੁਸੀਂ ਇਸ ਸਭ ਤੋਂ ਜਾਣੂ ਹੋਵੋਗੇ ਬਲਕਿ ਇਸ ਘਟਨਾਕ੍ਰਮ ਪ੍ਰਤੀ ਮੇਰੇ ਵਾਂਗ ਹੀ ਡੂੰਘੇ ਚਿੰਤਤ ਹੋਵੋਗੇ।
ਇਹ ਐਕਟ ਪਾਸ ਹੋਣ ਤੋਂ ਪਹਿਲਾਂ ਵੀ ਦੇਸ਼ ਭਰ ਵਿਚ ਗਰੀਬ ਕਿਸਾਨ ਪਹਿਲਾਂ ਹੀ ਗੰਭੀਰ ਸੰਕਟ ਦੀ ਲਪੇਟ ਵਿਚ ਸਨ। ਸਾਡੇ ਦੇਸ਼ ਵਿਚ ਖੇਤੀਬਾੜੀ ਹੁਣ ਮੁਨਾਫੇਵਾਲਾ ਧੰਦਾ ਨਹੀਂ ਰਹਿ ਗਿਆ ਕਿਉਂਕਿ ਖੇਤੀਬਾੜੀ ਲਾਗਤ ਬਹੁਤ ਵੱਧ ਗਈ ਹੈ ਕਿਉਂਕਿ ਫਸਲਾਂ ਵਾਸਤੇ ਲੋੜੀਂਦਾ ਸਾਜ਼ੋ ਸਮਾਨ ਬਹੁਤ ਮਹਿੰਗਾ ਹੋ ਗਿਆ ਹੈ ਪਰ ਖੇਤੀਬਾੜੀ ਜਿਣਸਾਂ ਦੀਆਂ ਕੀਮਤਾਂ ਵਿਚ ਨਿਗੂਣਾ ਵਾਧਾ ਹੋਇਆ ਜਾਂ ਫਿਰ ਵਾਧਾ ਹੋਇਆ ਹੀ ਨਹੀਂ ਹੈ। ਪਿਛਲੇ ਸਾਲਾਂ ਦੌਰਾਨ ਸੰਕਟ ਹੋਰ ਡੂੰਘਾ ਹੋ ਗਿਆ ਕਿਉਂਕਿ ਖੇਤੀ ਦੀ ਵੱਧਦੀ ਲਾਗਤ ਦਾ ਭਾਰ ਨਾ ਝੱਲ ਸਕਣ ਕਾਰਨ ਕਿਸਾਨ ਆਪਣੇ ਪਰਿਵਾਰਾਂ ਦੇ ਪਾਲਣ ਪੋਸ਼ਣ ਲਈ ਅਸਹਿਣਯੋਗ ਕਰਜ਼ਿਆਂ ਦੇ ਭਾਰ ਵੱਲ ਖਿੱਚੇ ਗਏ ਹਨ।
ਜਦੋਂ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਕਿਸਾਨ ਹਿਤੈਸ਼ੀ ਪਾਰਟੀਆਂ ਨੇ ਕੌਮੀ ਹਿੱਤਾਂ ਵਿਚ ਕਿਸਾਨਾਂ ਵਾਸਤੇ ਕਰਜ਼ਾ ਰਾਹਤ ਮੰਗੀ ਤਾਂ ਉਹਨਾਂ ਦਾ ਮਖੌਲ ਉਡਾਇਆ ਗਿਆ। ਸਨਕੀ ਤੌਰ ’ਤੇ ਇਹ ਸੁਝਾਅ ਦਿੱਤਾ ਗਿਆ ਕਿ ਕਿਸਾਨਾਂ ਨੇ ਸਿਰਫ ਐਸ਼ ਪ੍ਰਸਤੀ ਵਾਲੇ ਕਰਜ਼ੇ ਲਏ ਹਨ। ਇਹ ਭੱਦਾ ਸਨਕੀਪੁਣਾ ਤੇ ਕਿਸਾਨਾਂ ਪ੍ਰਤੀ ਮੰਦੀ ਭਾਵਨਾ ਉਦੋਂ ਵੀ ਨਹੀਂ ਰੁਕੀ ਜਦੋਂ ਦੇਸ਼ ਦੇ ਹਜ਼ਾਰਾਂ ਕਿਸਾਨਾਂ ਨੇ ਆਪਣੀਆਂ ਜਾਨਾਂ ਲੈ ਲਈਆਂ ਤੇ ਲੈ ਰਹੇ ਹਨ ਅਤੇ ਇਸ ਵਰਤਾਰੇ ਨੂੰ ਕਿਸਾਨ ਖੁਦਕੁਸ਼ੀਆਂ ਕਰਾਰ ਦਿੱਤਾ ਗਿਆ।
ਕੀ ਇਹ ਹੈਰਾਨੀਜਨਕ ਤੇ ਗਲਤ ਨਹੀਂ ਕਿ ਲੱਖਾਂ ਕਰੋੜਾਂ ਰੁਪਏ ਦੇ ਕਾਰਪੋਰੇਟ ਕਰਜ਼ਿਆਂ ’ਤੇ ਤਾਂ ਬਿਨਾਂ ਸੋਚਿਆਂ ਹੀ ਸਰਕਾਰ ਨੇ ਲੀਕ ਫੇਰ ਦਿੱਤੀ ਪਰ ਕਿਸੇ ਨੇ ਵੀ ਕਿਸਾਨ ਕਰਜ਼ੇ ਮੁਆਨ ਕਰਜ਼ਿਆਂ ਵਿਚ ਰਾਹਤ ਦੇਣ ਬਾਰੇ ਵੀ ਇਕ ਵਾਰ ਵੀ ਨਹੀਂ ਸੋਚਿਆ ਸਾਰਾ ਕਰਜ਼ਾ ਮੁਆਫ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਇਸਦੀ ਥਾਂ ਦੇਸ਼ ਨੇ ਅੰਨਦਾਤਾ ਨੁੰ ਮਰਨ ਦੇਣਾ ਹੀ ਵਾਜਬ ਸਮਝਿਆ।
ਇਸ ਸਭ ਦੇ ਦੌਰਾਨ ਸਰਕਾਰ ਨੇ ਇਹ ਕਾਲੇ ਕਾਨੂੰਨ ਲਾਗੂ ਕਰ ਦਿੱਤੇ ਜੋ ਦੇਸ਼ ਦੇ ਕਿਸਾਨਾਂ ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਏ ਹਨ। ਕਿਸਾਨ ਸੜਕਾਂ ’ਤੇ ਹਨ, ਪੁਲਿਸ ਦੀਆਂ ਡਾਂਗਾਂ ਖਾ ਰਹੇ ਹਨ, ਹੰਝੂ ਗੈਸ ਦੇ ਗੋਲੇ ਝੱਲ ਰਹੇ ਹਨ ਅਤੇ ਜਲ ਤੋਪਾਂ ਦਾ ਵੀ ਸਾਹਮਣਾ ਕਰ ਰਹੇ ਹਨ ਕਿਉਂਕਿ ਉਹਨਾਂ ਦੇ ਜੀਵਨ ਦੇ ਸਰੋਤ ਮੁੱਕ ਰਹੇ ਹਨ। ਉਹ ਆਪਣੇ ਖੇਤ, ਫਸਲਾਂ ਤੇ ਪਰਿਵਾਰ ਪਿੱਛੇ ਛੱਡ ਕੇ ਸਾਰੇ ਦੇਸ਼ ਤੋਂ ਕੌਮੀ ਰਾਜਧਾਨੀ ਵਿਚ ਪੁੱਜੇ ਹਨ ਅਤੇ ਲੰਬਾਂ ਪੈਂਡਾ ਕੁਝ ਮਾਮਲਿਆਂ ਵਿਚ ਤਾਂ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰ ਕੇ ਆਏ ਹਨ ਤਾਂ ਜੋ ਆਪਣੇ ਹੀ ਸਰਕਾਰ ਦਾ ਧਿਆਨ ਖਿੱਚਿਆ ਜਾ ਸਕੇ। ਉਹਨਾਂ ਨੇ ਹੈਰਾਨੀਜਨਕ ਤੇ ਅਣਕਿਆਸਾ ਸੰਜਮ, ਸਿਆਣਪ ਤੇ ਜ਼ਿੰਮੇਵਾਰੀ ਵਿਖਾਉਂਦਿਆਂ ਆਪਣੇ ਰੋਸ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਤੇ ਲੋਕਤੰਤਰੀ ਰੱਖੇ ਹਨ। ਪਰ ਸਾਜ਼ਿਸ਼ਾਂ ਤੇ ਕੂੜ ਪ੍ਰਚਾਰ ਤਹਿਤ ਉਹਨਾਂ ਦੇ ਇਸ ਸ਼ਾਂਤੀਪੂਰਵਕ ਸੰਘਰਸ਼ ਨੁੰ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹਾ ਹੈ।
ਆਪਣੇ ਜੀਵਨ ਵਿਚ ਮੈਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਵਜੋਂ ਦੇਸ਼ ਵਿਚ ਇਕ ਸਹੀ ਸੰਘੀ ਢਾਂਚੇ ਤਹਿਤ ਰਾਜਾਂ ਵਾਸਤੇ ਵਧੇਰੇ ਖੁਦਮੁਖ਼ਤਿਆਰੀ ਲਈ ਲੰਬਾ ਤੇ ਅਕਸਰ ਪੀੜਾਦਾਇਕ ਸੰਘਰਸ਼ ਕੀਤਾ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਰਾਜਾਂ ਕੋਲ ਆਪਣੇ ਲੋਕਾਂ ਪੰਜਾਬ ਦੇ ਕੇਸ ਵਿਚ ਕਿਸਾਨਾਂ, ਦੀ ਦੇਖਭਾਲ ਲਈ ਸਰੋਤ ਹੋਣੇ ਚਾਹੀਦੇ ਹਨ। ਇਹਨਾਂ ਸੰਘਰਸ਼ਾਂ ਦੌਰਾਨ ਮੈਂ ਕਈ ਸਾਲ ਜੇਲ੍ਹਾਂ ਵਿਚ ਬਿਤਾਏ : ਸ਼ਾਇਦ ਹੀ ਆਜ਼ਾਦ ਭਾਰਤ ਵਿਚ ਕਿਸੇ ਹੋਰ ਸਿਆਸੀ ਹਸਤੀਨੇ ਇੰਨੀਜੇਲ੍ਹ ਕੱਟੀ ਹੋਵੇ।
ਇਸ ਸਭ ਕੁਝ ਦੇ ਚਲਦੇ ਕਿਸਾਨ ਅਤੇ ਸਰਬੱਤ ਦਾ ਭਲਾ ਦਾ ਪੰਥਕ ਸਿਧਾਂਤ, ਜਿਸ ਨਾਲ ਹਰ ਕਿਸਾਨ ਜਿਉਂਦਾ ਹੈ, ਨੇ ਮੇਰੇ ਜੀਵਨ ਨਿੱਜੀ ਤੇ ਜਨਤਕ ਦੋਵਾਂ ਨੁੰ ਪ੍ਰੀਭਾਸ਼ਤ ਕੀਤਾ ਹੈ। ਕਿਸਾਨ ਮੇਰੇ ਲਈ ਦੂਜਾ ਧਰਮ ਜਨੂੰਨ ਰਹੇ ਹਨ।
ਜੋ ਕੁਝ ਵੀ ਮੇਰੇ ਕੋਲ ਹੈ, ਸਭ ਕੁਝ ਜਿਸ ’ਤੇ ਮੈਂ ਮਾਣ ਮਹਿਸੂਸ ਕਰਦਾ ਹਾਂ, ਮਾਣ ਸਨਮਾਨ ਦਾ ਹਰ ਪਲ ਜਾਂ ਜਨਤਕ ਅਹੁਦਾ ਜੋ ਵੀ ਮੈਨੂੰ ਮੇਰੇ ਲੰਬੇ ਸਿਆਸੀ ਜੀਵਨ ਵਿਚ ਮਿਲਿਆ, ਉਹ ਸਿਰਫ ਮੇਰੀ ਆਪਣੇ ਸਿਧਾਂਤਾਂ ਪ੍ਰਤੀ ਦ੍ਰਿੜ੍ਹਤਾ ਦੀ ਬਦੌਲਤ ਮਿਲਿਆ ਜਿਹਨਾਂ ਵਿਚ ਕਿਸਾਨ ਹਮੇਸ਼ਾ ਸਭ ਕੁਝ ਦੇ ਕੇਂਦਰ ਵਿਚ ਰਿਹਾ।
ਇਸੇ ਲਈ ਦੇਸ਼ ਨੇ ਮੈਨੂੰ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ, ਮੈਂ ਜਾਣਦਾ ਹਾਂ ਕਿ ਇਹ ਸਿਰਫ ਮੇਰੀ ਪੰਜਾਬ ਦੇ ਲੋਕਾਂ ਜਿਹਨਾਂ ਵਿਚ ਕਿਸਾਨ ਸਭ ਤੋਂ ਉਪਰ ਹਨ, ਪ੍ਰਤੀ ਮੇਰੀ ਵਚਨਬੱਧਤਾ ਲਈ ਮਾਨਤਾ ਹੈ। ਮੈਂ ਇਹਨਾਂ ਦਾ ਦੇਣਦਾਰ ਹਾਂ। ਪਰ ਅੱਜ ਜਦੋਂ ਕਿਸਾਨ ਜਿਹਨਾਂ ਕਾਰਨ ਜੋ ਵੀ ਮੈਂ ਹਾਂ, ਲਈ ਹੋਂਦ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ ਤੇ ਇਸ ਨਾਲੋਂ ਵੱਧ ਉਸਨੇ ਸਨਮਾਨ ਗੁਆ ਲਿਆ ਹੈ ਤਾਂ ਮੇਰੇ ਲਈ ਅਜਿਹੇ ਵਿਚ ਪਦਮ ਵਿਭੂਸ਼ਣ ਸਨਮਾਨ ਰੱਖਣ ਦੀ ਕੋਈ ਤੁੱਕ ਨਹੀਂ ਦਿਸਦੀ।
ਇਸ ਅਨੁਸਾਰ ਮੈਂ ਇਹ ਸਨਮਾਨ ਸਰਕਾਰ ਵੱਲੋਂ ਤਿੰਨ ਖੇਤੀ ਐਕਟਾਂ ਦੇ ਮਾਮਲੇ ਵਿਚ ਕਿਸਾਨਾਂ ਨਾਲ ਧੋਖਾ ਕਰਨ ਦੇ ਵਿਰੁੱਧ ਰੋਸ ਵਜੋਂ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਮੇਰੇ ਸੂਬੇ ਅਤੇ ਮੁਲਕ ਦੇ ਕਿਸਾਨ ਇਹਨਾਂ ਐਕਟਾਂ ਦੇ ਖਿਲਾਫ ਕੜਾਕੇ ਦੀ ਠੰਢ ਦੀ ਠੰਢ ਵਿਚ ਆਪਣੇ ਘਰਾਂ ਤੋਂ ਦੂਰ ਸੜਕਾਂ ’ਤੇ ਉਤਰੇ ਹੋਏ ਹਨ।
ਮੈਂ ਆਪਣੇ ਜੀਵਨ ਦੇ ਇਸ ਪੜਾਅ ਵਿਚ ਆਪਣੇ ਆਪ ਨੂੰ ਇੰਨਾ ਗਰੀਬ ਮਹਿਸੂਸ ਕਰ ਰਿਹਾ ਹਾਂ ਕਿ ਮੇਰੇ ਕੋਲ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਕੁਰਬਾਨ ਕਰਨ ਵਾਸਤੇ ਹੋਰ ਕੁਝ ਵੀ ਨਹੀਂ ਹੈ।
ਇਕ ਵਿਅਕਤੀ ਜਿਸ ਨੇ ਤਕਰੀਬਨ ਇਕ ਸਦੀ ਲੋਕਾਂ ਖਾਸ ਤੌਰ ’ਤੇ ਆਪਣੇ ਦੇਸ਼ ਦੇ ਕਿਸਾਨਾਂ ਵਿਚ ਬਿਤਾਈ ਹੋਵੇ, ਵਜੋਂ ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਅਹੁਦੇ ਦੀ ਵਰਤੋਂ ਕਰਦਿਆਂ ਸਰਕਾਰ ਨੂੰ ਆਖੋ ਕਿ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ, ਪਿਆਰ, ਦਰਦ, ਸਮਝਦਾਰੀ ਤੇ ਇਸ ਤੋਂ ਵੀ ਵੱਧ ਇੱਜ਼ਤ, ਜੋੋ ਉਹਨਾਂ ਦਾ ਹੱਕ ਹੈ, ਨਾਲ ਸੁਣੇ। ਇਹ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਹਨ ਜਾਂ ਰੱਦ ਕੀਤੇ ਜਾਣੇ ਚਾਹੀਦੇ ਹਨ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਉਹਨਾਂ ਨਾਲ ਗੰਭੀਰਤਾ ਨਾਲ ਵਿਚਾਰੀਆਂ ਜਾਣੀਆਂ ਚਾਹੀਦੀਆਂ ਹਨ।
ਇਹ ਦੇਸ਼ ਲਈ ਅਜਿਹਾ ਸਮਾਂ ਹੈ ਜਦੋਂ ਇਹ ਕਿਸਾਨਾਂ ਦਾ ਕਰਜ਼ਾ ਮੋੜੇ।
ਮੈਨੂੰ ਸ਼ਾਂਤੀਪੂਰਵਕ ਅਤੇ ਲੋਕਤੰਤਰੀ ਤਰੀਕੇ ਨਾਲ ਰੋਸ ਪ੍ਰਗਟਾ ਰਹੇ ਕਿਸਾਨਾਂ ਪ੍ਰਤੀ ਵਰਤੇ ਜਾ ਰਹੇ ਫਿਰਕੂ ਫਿਕਰਿਆਂ ਤੋਂ ਵੀ ਬਹੁਤ ਪੀੜਾ ਮਹਿਸੂਸ ਹੋਈ ਹੈ। ਮੈਂ ਭਰੋਸਾ ਦੁਆਉਂਦਾ ਹਾਂ ਕਿ ਧਰਮ ਨਿਰਪੱਖਾ ਉਹਨਾਂ ਦੇ ਖੂਨ ਵਿਚ ਹੈ ਤੇ ਇਹ ਦੇਸ਼ ਦੀਆਂ ਧਰਮ ਨਿਰਪੱਖ ਲੋਕਤੰਤਰੀ ਕਦਰਾਂ ਕੀਮਤਾਂ ਤੇ ਸਰੂਪ, ਜਿਸਨੂੰ ਅੱਜ ਕੁਝ ਹਲਕਿਆਂ ਤੋਂ ਗੰਭੀਰ ਚੁਣੌਤੀ ਦਰਪੇਸ਼ ਹਨ, ਦੀ ਰਾਖੀ ਲਈ ਸਭ ਤੋਂ ਉੱਤਮ ਗਰੰਟੀ ਹਨ।
ਇਕ ਆਸ਼ਾਵਾਦੀ ਵਜੋਂ ਮੈਨੂੰ ਆਸ ਹੈ ਕਿ ਤੁਸੀਂ ਇਹਨਾਂ ਕਿਸਾਨਾਂ ਦਾ ਵਿਸ਼ਵਾਸ ਜਿੱਤੋਗੇ ਅਤੇ ਨਾਲ ਹੀ ਸਾਡੇ ਮਹਾਨ ਦੇਸ਼ ਦੇ ਧਰਮ ਨਿਰਪੱਖ ਲੋਕਤੰਤਰੀ ਸਰੂਪ ਨੂੰ ਹੋਰ ਮਜ਼ਬੂਤ ਕਰੋਗੇ।