ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦੇ ਪ੍ਰਾ-ਅਧਿਆਪਕ ਪ੍ਰੋ. ਕੁਲਦੀਪ ਸੋਢੀ ਦੀ ਨਵ ਪ੍ਰਕਾਸ਼ਿਤ ਪੁਸਤਕ ‘ਗੁਰੂ ਰਵਿਦਾਸ ਬਾਣੀ: ਸਮਾਜਿਕ ਚੇਤਨਾ’ ਦਾ ਵਿਮੋਚਨ ਕਾਲਜ ਵਿਖੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪ੍ਰੋ. ਕੁਲਦੀਪ ਸੋਢੀ ਪੰਜਾਬੀ ਸਾਹਿਤ ਦੇ ਗੰਭੀਰ ਚਿੰਤਕ ਹਨ। ਉਹਨਾਂ ਨੇ ਇਸ ਵਿਦਵਤਾ ਭਰਪੂਰ ਖੋਜ ਕਾਰਜ ਤੋਂ ਇਲਾਵਾ ਪੰਜਾਬੀ ਸੂਫੀ ਕਾਵਿ ਅਤੇ ਉੱਘੇ ਪੰਜਾਬੀ ਗਜ਼ਲਗੋ ਡਾ. ਜਗਤਾਰ ਦੇ ਕਾਵਿ ’ਤੇ ਵੀ ਬਹੁਤ ਮੁੱਲਵਾਨ ਕਾਰਜ ਕੀਤਾ ਹੈ। ਇਸ ਮੌਕੇ ’ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਪ੍ਰੋ. ਸੋਢੀ ਪੰਜਾਬੀ ਦਾ ਸਨਿਮਰ ਤੇ ਸੰਜੀਦਾ ਚਿੰਤਕ ਹੈ ਤੇ ਉਹ ਨਿਰੰਤਰ ਚਿੰਤਨ ਅਧਿਐਨ ਕਰਦਾ ਰਹਿੰਦਾ ਹੈ। ਇਸ ਮੌਕੇ ਤੇ ਕਾਲਜ ਦੇ ਪਰਵਾਸੀ ਖੋਜ ਕੇਂਦਰ ਦੇ ਕਨਵੀਨਰ ਡਾ. ਸੁਰਿੰਦਰਪਾਲ ਮੰਡ ਨੇ ਪ੍ਰੋ. ਸੋਢੀ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਬੌਧਿਕ ਸਮਰਥਾ ਬਾਰੇ ਵਿਚਾਰ ਪ੍ਰਗਟਾਏ। ਇਸ ਅਵਸਰ ’ਤੇ ਰਾਜਨੀਤੀ ਸ਼ਾਸਤਰ ਦੇ ਰਿਟਾਇਰਡ ਪ੍ਰਾ-ਅਧਿਆਪਕ ਪ੍ਰੋ. ਪ੍ਰਭਦਿਆਲ, ਪੰਜਾਬੀ ਭਾਸ਼ਾ ਵਿਕਾਸ ਕੇਂਦਰ ਦੇ ਕਨਵੀਨਰ ਪ੍ਰੋ. ਡਾ. ਸੁਖਦੇਵ ਨਾਗਰਾ ਤੇ ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਖੋਜ ਕੇਂਦਰ ਦੇ ਕਨਵੀਨਰ ਡਾ. ਹਰਜਿੰਦਰ ਸਿੰਘ ਸੇਖੋਂ ਨੇ ਵੀ ਪ੍ਰੋ. ਸੋਢੀ ਦੇ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਉਹਨਾਂ ਦੇ ਇਸ ਕਾਰਜ ਦਾ ਸਵਾਗਤ ਕੀਤਾ।