ਫਗਵਾੜਾ 4 ਫਰਵਰੀ (ਸ਼ਿਵ ਕੋੋੜਾ) ਫਗਵਾੜਾ ਨਗਰ ਨਿਗਮ ‘ਚ ਵੱਡੀ ਪੱਧਰ ‘ਤੇ ਘਪਲੇਬਾਜੀ ਦਾ ਦੋਸ਼ ਲਾਉਂਦੇ ਹੋਏ ਅੱਜ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਇੱਥੇ ਕਿਹਾ ਕਿ ਜੋ ਕੁੱਝ ਵੀ ਫਗਵਾੜਾ ਕਾਰਪੋਰੇਸ਼ਨ ਅਧੀਨ ਆਉਣ ਵਾਲੇ ਮਹਿਕਮਿਆਂ ‘ਚ ਗਲਤ ਹੋ ਰਿਹਾ ਹੈ ਉਸਦੀ ਸੀ.ਬੀ.ਆਈ. ਇਨਕੁਆਰੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਐਲ.ਈ.ਡੀ. ਸਟ੍ਰੀਟ ਲਾਈਟਾਂ ਦੇ ਘੋਟਾਲੇ ਦਾ ਭਾਰਤੀ ਜਨਤਾ ਪਾਰਟੀ ਵਲੋਂ ਪਹਿਲਾਂ ਹੀ ਪਰਦਾਫਾਸ਼ ਕੀਤਾ ਜਾ ਚੁੱਕਾ ਹੈ ਅਤੇ ਇਹ ਮਸਲਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ। ਹਰ ਸ਼ਹਿਰਵਾਸੀ ਜਾਣਨਾ ਚਾਹੁੰਦਾ ਹੈ ਕਿ ਖੁੱਲ੍ਹੇ ਬਾਜਾਰ ਵਿਚ ਜਿਹੜੀ ਐਲ.ਈ.ਡੀ. ਲਾਈਟ 8/9 ਸੌ ਰੁਪਏ ਵਿਚ ਮਿਲਦੀ ਹੈ ਉਹ ਆਖਿਰਕਾਰ ਚੌਵੀ ਸੌ ਰੁਪਏ ਵਿਚ ਕਿਉਂ ਖਰੀਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੜਕਾਂ ਦੇ ਠੇਕੇ ਵੀ ਖਾਸ ਚੋਣਵੇ ਠੇਕੇਦਾਰਾਂ ਨੂੰ ਦਿੱਤੇ ਜਾਂਦੇ ਹਨ ਜੋ ਕਾਫੀ ਜਿਆਦਾ ਲੈਸ ਤੇ ਠੇਕਾ ਲੈ ਕੇ ਘਟੀਆ ਸਮੱਗਰੀ ਦੀ ਵਰਤੋਂ ਕਰਦੇ ਹਨ। ਕਮੀਸ਼ਨਖੌਰੀ ਦੀ ਖੁੱਲੀ ਖੇਡ ਚਲ ਰਹੀ ਹੈ। ਕਮੀਸ਼ਨ ਲੈ ਕੇ ਹੀ ਠੇਕੇ ਦਿੱਤੇ ਜਾਂਦੇ ਹਨ ਅਤੇ ਕਮੀਸ਼ਨ ਦੇ ਜੋਰ ਤੇ ਹੀ ਉਸਾਰੀ ਅਧੀਨ ਸੜਕਾਂ ਦੀ ਗੁਣਵੱਤਾ ਦਾ ਮਿਆਰ ਤੈਅ ਕੀਤਾ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਘਟੀਆ ਮਟੀਰੀਅਲ ਨਾਲ ਬਣੀਆਂ ਸੜਕਾਂ ਪਹਿਲੀ ਬਰਸਾਤ ਸਮੇਂ ਹੀ ਮੁੜ ਟੋਇਆਂ ਵਿਚ ਗੁਆਚ ਜਾਂਦੀਆਂ ਹਨ। ਅਰੁਣ ਖੋਸਲਾ ਨੇ ਕਿਹਾ ਕਿ ਨਿਗਮ ਦਾ ਹਰ ਵਿਭਾਗ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੈ। ਕਈ ਵਾਰ ਮੀਡੀਆ ‘ਚ ਮੁੱਦਾ ਚੁੱਕੇ ਜਾਣ ਦੇ ਬਾਵਜੂਦ ਜਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਚੁੱਪੀ ਨਹੀ ਤੋੜ ਰਹੇ। ਜਿਸ ਤੋਂ ਸਪਸ਼ਟ ਹੈ ਕਿ ਉਹਨਾਂ ਪਾਸ ਆਪਣਾ ਪੱਖ ਰੱਖਣ ਲਈ ਸ਼ਬਦਾਂ ਦੀ ਘਾਟ ਹੈ। ਸਾਬਕਾ ਮੇਅਰ ਨੇ ਕਿਹਾ ਕਿ ਨੇੜਲੇ ਭਵਿੱਖ ਵਿਚ ਹੋਣ ਜਾ ਰਹੀਆਂ ਫਗਵਾੜਾ ਕਾਰਪੋਰੇਸ਼ਨ ਚੋਣਾਂ ਸਮੇਂ ਭ੍ਰਿਸ਼ਟਾਚਾਰ ਨੂੰ ਮੁੱਖ ਮੁੱਦਾ ਬਣਾਇਆ ਜਾਵੇਗਾ ਅਤੇ ਸ਼ਹਿਰ ਦੇ ਕੁਲ 50 ਵਾਰਡਾਂ ਵਿਚ ਕਾਂਗਰਸੀ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਕਰਵਾਈਆਂ ਜਾਣਗੀਆਂ।