ਫਗਵਾੜਾ 13 ਨਵੰਬਰ (ਸ਼ਿਵ ਕੋੜਾ) ਫਗਵਾੜਾ ਤੋਂ ਘੁੰਮਣਾਂ ਤੇ ਵਾਹਦ ਨੂੰ ਜਾਣ ਵਾਲੀ ਮੁੱਖ ਸੜਕ ਦੀ ਤਰਸਯੋਗ ਹਾਲਤ ਨੂੰ ਲੈ ਕੇ ਇੱਥੋਂ ਰੋਜਾਨਾ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਮੁੱਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਜੋ ਕਿ ਗੜ੍ਹਸ਼ੰਕਰ ਨੂੰ ਜਾਣ ਵਾਲੀ ਲਿੰਕ ਰੋਡ ਹੈ ਅਤੇ ਕਾਫੀ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਵੀ ਇਸ ਸੜਕ ਤੋਂ ਰੋਜਾਨਾ ਲੰਘਦੀਆਂ ਹਨ ਪਰ ਸੜਕ ਨੇ ਖੱਡਿਆਂ ਦਾ ਰੂਪ ਧਾਰਿਆ ਹੋਇਆ ਹੈ ਅਤੇ ਹਰ ਸਮੇਂ ਇੱਥੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਇਲਾਕੇ ਦੇ ਵਸਨੀਕ ਪਰਮਜੀਤ ਖਲਵਾੜਾ, ਵਿਜੇ ਪੰਡੋਰੀ, ਅਵਤਾਰ ਸਿੰਘ, ਮਾਸਟਰ ਸੀਬੂ ਰਾਮ ਅਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਸਮੱਸਿਆ ਸਬੰਧੀ ਹਲਕਾ ਵਿਧਾਇਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ। ਮਹਿਕਮੇ ਵਲੋਂ ਖਾਨਾ ਪੂਰਤੀ ਲਈ ਪੈਚ ਵਰਕ ਕਰਵਾਇਆ ਗਿਆ ਸੀ ਪਰ ਉਹ ਵੀ ਟਿਕਾਊ ਸਿੱਧ ਨਹੀਂ ਹੋਇਆ ਅਤੇ ਲੋਕਾਂ ਦੀ ਮੁਸ਼ਕਲ ਜਿਉਂ ਦੀ ਤਿਉਂ ਬਣੀ ਹੋਈ ਹੈ। ਉਹਨਾਂ ਸਬੰਧਤ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਇਸ ਸੜਕ ਦੀ ਹਾਲਤ ਨੂੰ ਪਹਿਲ ਦੇ ਅਧਾਰ ਤੇ ਸੁਧਾਰਿਆ ਜਾਵੇ। ਇਸ ਸਬੰਧੀ ਗੱਲਬਾਤ ਕਰਨ ਤੇ ਐਸ.ਡੀ.ਓ. (ਪੀ.ਡਬਲਯੂ.ਡੀ.) ਫਗਵਾੜਾ ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਸੜਕ ਦਾ ਐਸਟੀਮੇਟ ਬਣਾ ਲਿਆ ਗਿਆ ਹੈ। ਸਰਕਾਰ ਵਲੋਂ ਗ੍ਰਾਂਟ ਮਿਲਣ ਤੇ ਇਸ ਸੜਕ ਨੂੰ ਪਹਿਲ ਦੇ ਅਧਾਰ ਤੇ ਬਣਾਇਆ ਜਾਵੇਗਾ।