ਫਗਵਾੜਾ 1 ਅਪ੍ਰੈਲ (ਸ਼਼ਿਵ ਕੋੋੜਾ) ਕਣਕ ਦੀ ਖ਼ਰੀਦ ਨੂੰ ਲੈ ਕੇ ਕੇਂਦਰ ਵੱਲੋਂ ਨਵੀਆਂ ਥੋਪੀਆਂ ਜਾ ਰਹੀ ਸ਼ਰਤਾਂ ਦੇ ਖ਼ਿਲਾਫ਼ ਫੈਡਰੇਸ਼ਨ ਆਫ਼ ਆੜਤੀ ਐਸੋਸੀਏਸ਼ਨ ਵੱਲੋਂ 5 ਅਪ੍ਰੈਲ ਨੂੰ ਮੋਗਾ ਜ਼ਿਲੇ ਦੇ ਬਾਘਾ ਪੁਰਾਣਾ ਵਿਚ ਮਹਾ ਪੰਚਾਇਤ ਦੇ ਨਾਂ ਤੇ ਜਨਰਲ ਇਜਲਾਸ ਬੁਲਾਇਆ ਜਾ ਰਿਹਾ ਹੈ। ਜਿਸ ਵਿਚ 30/35 ਹਜ਼ਾਰ ਲੋਕ ਇਕੱਠੇ ਹੋਣਗੇ। ਇਸ ਸੰਬੰਧੀ ਵਿਚਾਰ ਵਟਾਂਦਰੇ ਲਈ ਆੜਤੀ ਐਸੋਸੀਏਸ਼ਨ ਫਗਵਾੜਾ ਦੀ ਇੱਕ ਹੰਗਾਮੀ ਮੀਟਿੰਗ ਮਾਰਕੀਟ ਕਮੇਟੀ ਫਗਵਾੜਾ ਦੇ ਦਫ਼ਤਰ ਵਿਚ ਪ੍ਰਧਾਨ ਨਰੇਸ਼ ਭਾਰਦਵਾਜ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਸਾਰੇ ਆੜਤੀਆਂ ਨੇ ਭਾਗ ਲਿਆ। ਇਸ ਮੌਕੇ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਕੇਂਦਰ ਦੀ ਕਿਸਾਨ ਵਿਰੋਧੀ ਸਰਕਾਰ ਕਣਕ ਦੀ ਖ਼ਰੀਦ ਨੂੰ ਲੈ ਕੇ ਨਮੀ,ਟੋਟੇ ਅਤੇ ਸੀਧੇ ਜ਼ਿਮੀਂਦਾਰ ਦੇ ਖਾਤੇ ਵਿਚ ਭੁਗਤਾਨ ਨੂੰ ਲੈ ਕੇ ਨਵੀਆਂ ਸ਼ਰਤਾਂ ਥੋਪ ਕੇ ਪਰੇਸ਼ਾਨ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਸਦੀਆਂ ਤੋਂ ਚਲੇ ਆ ਰਹੇ ਆੜਤੀ ਕਿਸਾਨ ਰਿਸ਼ਤੇ ਨੂੰ ਖ਼ਤਮ ਕਰ ਨਿੱਜੀ ਮੰਡੀਆਂ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਅਤੇ ਪੂੰਜੀਪਤੀਆਂ ਨੂੰ ਖ਼ੁਸ਼ ਕਰਨ ਦੀ ਰਾਹ ਤੇ ਤੁਰੀ ਹੈ। ਜਿਸ ਨੂੰ ਲੈ ਕੇ ਫੈਡਰੇਸ਼ਨ ਆਫ਼ ਆੜਤੀ ਐਸੋਸੀਏਸ਼ਨ ਵੱਲੋਂ 5 ਅਪ੍ਰੈਲ ਨੂੰ ਮਹਾ ਪੰਚਾਇਤ ਬੁਲਾਈ ਜਾ ਰਹੀ ਹੈ। ਇਸ ਮੌਕੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਇਸ ਮਹਾ ਪੰਚਾਇਤ ਵਿਚ ਫਗਵਾੜਾ ਦੇ ਸਮੂਹ ਆੜਤੀ,ਮੁਨੀਮ ਅਤੇ ਲੇਬਰ ਜ਼ੋਰ ਸ਼ੋਰ ਨਾਲ ਹਿੱਸਾ ਲੈਣਗੇ ਅਤੇ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਫ਼ੈਸਲੇ ਦੇ ਖ਼ਿਲਾਫ਼ ਵਿਰੋਧ ਪ੍ਰਗਟਾਉਣਗੇ। ਜਦ ਤਕ ਸਰਕਾਰ ਇਨਾਂ ਨੀਤੀਆਂ ਨੂੰ ਹਟਾਉਣ ਦਾ ਫ਼ੈਸਲਾ ਨਹੀਂ ਲੈਂਦੀ ਤਦ ਤੀਕ ਇਸ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ। ਆੜਤੀਆਂ ਨੇ ਇੱਕ ਸੁਰ ਹੋਕੇ ਵਿਸ਼ਵਾਸ ਦਿਵਾਇਆ ਕਿ ਜੇ ਮਹਾ ਪੰਚਾਇਤ ਦੌਰਾਨ ਕੋਈ ਫ਼ੈਸਲਾ ਹੁੰਦਾ ਹੈ ਤਾਂ ਅਸੀਂ ਅਣਮਿਥੇ ਸਮੇਂ ਲਈ ਮੰਡੀਆਂ ਬੰਦ ਰੱਖਣ ਲਈ ਤਿਆਰ ਹਾਂ। ਪ੍ਰਧਾਨ ਨਰੇਸ਼ ਭਾਰਦਵਾਜ ਨੇ ਇਸ ਸਹਿਯੋਗ ਲਈ ਸਾਰਿਆ ਦਾ ਧੰਨਵਾਦ ਕਰਦੇ ਕਿਹਾ ਕਿ 5 ਅਪ੍ਰੈਲ ਨੂੰ ਮੰਡੀ ਮੁਕੰਮਲ ਤੋਰ ਤੇ ਬੰਦ ਰੱਖੀ ਜਾਵੇਗੀ। ਇਸ ਮੌਕੇ ਸਿਵਲ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਕੌਰੋ ਨਾ ਵੈਕਸੀਨ ਦਾ ਕੈਂਪ ਲਗਵਾਇਆ ਗਿਆ ਜਿਸ ਵਿਚ ਆੜਤੀ,ਮੁਨੀਮ ਅਤੇ ਉਨਾਂ ਦੇ ਪਰਿਵਾਰ ਦੇ ਕਰੀਬ 100 ਲੋਕਾਂ ਨੇ ਵੈਕਸੀਨ ਲਗਵਾਈ ਅਤੇ ਹੋਰਨਾਂ ਨੂੰ ਪ੍ਰੇਰਣਾ ਦਿੱਤੀ। ਇਸ ਮੌਕੇ ਹੁਸਨ ਸਿੰਘ ਘੁੰਮਣ,ਰਾਕੇਸ਼ ਪ੍ਰਭਾਕਰ, ਰਮੇਸ਼ ਗੁਪਤਾ, ਪ੍ਰਮੋਦ ਦੁੱਗਲ, ਪੰਡਿਤ ਰਾਮ ਸਿੰਘ ਜੋਸ਼ੀ, ਤਰਸੇਮ ਸਿੰਘ ਭੋਗਲ, ਵਿਨੀਸ਼ ਸੂਦ, ਯਸ਼ ਪਾਲ ਜੈਨ, ਸੰਧੂ ਸਾਹਿਬ,ਬਬਲਾ ਪਾਠਕ, ਸੋਨੂੰ ਹਦਿਆਬਾਦ, ਰਾਜੀਵ ਅਗਰਵਾਲ, ਦੀਪਕ ਅਗਰਵਾਲ,ਸਾਹਿਲ ਅਗਰਵਾਲ, ਅਜੈ ਅਗਰਵਾਲ, ਵਰਿੰਦਰ ਗੁਪਤਾ,ਅਨਿਲ ਗੁਪਤਾ ਆਦਿ ਮੌਜੂਦ ਸਨ।