ਫਗਵਾੜਾ:- (ਸ਼ਿਵ ਕੋੜਾ) ਨਵੇਂ ਸਾਲ 2021 ਦੇ ਸਵਾਗਤ ‘ਚ ਹਰ ਸਾਲ ਦੀ ਤਰ੍ਹਾਂ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ 51 ਲੋੜਵੰਦਾਂ ਨੂੰ ਗਰਮ ਕੰਬਲਾਂ ਦੀ ਵੰਡ ਕੀਤੀ ਗਈ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਐਸ.ਡੀ.ਐਮ. ਫਗਵਾੜਾ ਮੇਜਰ ਅਮਿਤ ਸਰੀਨ ਸ਼ਾਮਲ ਹੋਏ। ਉਹਨਾਂ ਸਮੂਹ ਹਾਜਰੀਨ ਨੂੰ ਨਵੇਂ ਸਾਲ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਬਲੱਡ ਬੈਂਕ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਠੰਡ ਦੇ ਮੌਸਮ ਵਿਚ ਇਹ ਸੇਵਾ ਬਹੁਤ ਵੱਡਾ ਪਰੋਪਕਾਰ ਹੈ। ਉਹਨਾਂ ਬਲੱਡ ਬੈਂਕ ਵਲੋਂ ਸਮਾਜ ਸੇਵਾ ਅਤੇ ਵਾਤਾਵਰਣ ਸੁਰੱਖਿਆ ਆਦਿ ਵਿਚ ਪਾਏ ਜਾ ਰਹੇ ਵਢਮੁੱਲੇ ਯੋਗਦਾਨ ਦੀ ਵੀ ਭਰਪੂਰ ਸ਼ਲਾਘਾ ਕੀਤੀ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਬਲੱਡ ਬੈਂਕ ਦੇ ਚੇਅਰਮੈਨ ਕੁਲਦੀਪ ਸਰਦਾਨਾ ਦੀ ਰਹਿਨੁਮਾਈ ਹੇਠ ਨਵੇਂ ਸਾਲ ਮੌਕੇ ਹਮੇਸ਼ਾ ਲੋੜਵੰਦਾਂ ਨੂੁੰ ਕੰਬਲ ਵੰਡੇ ਜਾਂਦੇ ਹਨ। ਇਸ ਤੋਂ ਇਲਾਵਾ ਕ੍ਰਿਸਮਿਸ, ਲੋਹੜੀ ਅਤੇ ਗਣਤੰਤਰ ਦਿਵਸ ਮੌਕੇ ਵੀ ਗਰਮ ਕੰਬਲਾਂ ਦੀ ਵੰਡ ਕਰਕੇ ਲੋੜਵੰਦਾਂ ਨੂੰ ਠੰਡ ਤੋਂ ਰਾਹਤ ਦੇਣ ਦਾ ਉਪਰਾਲਾ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਅੱਜ ਦੇ ਕੰਬਲਾਂ ਦੀ ਸੇਵਾ ਰਿਟਾ. ਮਾਸਟਰ ਸੁਭਾਸ਼ ਵਲੋਂ ਦਿੱਤੀ ਗਈ। ਬਲੱਡ ਬੈਂਕ ਵਲੋਂ ਐਸ.ਡੀ.ਐਮ. ਮੇਜਰ ਸਰੀਨ ਨੂੰ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ। ਇਸ ਮੌਕੇ ਵਿਸ਼ਵਾ ਮਿੱਤਰ ਸ਼ਰਮਾ, ਗੁਲਾਬ ਸਿੰਘ, ਰੂਪ ਪਾਲ ਰਿਟਾ. ਬੈਂਕ ਅਧਿਕਾਰੀ, ਸੁਧੀਰ ਕੁਮਾਰ ਅਤੇ ਸੁਰਿੰਦਰ ਪਾਲ ਆਦਿ ਹਾਜਰ ਸਨ।