ਫਗਵਾੜਾ 9 ਅਗਸਤ (ਸ਼ਿਵ ਕੋੜਾ) ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਹਲਕਾ ਪ੍ਰਧਾਨ ਚਰੰਜੀ ਲਾਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਬਸਪਾ ਪੰਜਾਬ ਦੇ ਜਰਨਲ ਸਕੱਤਰ ਰਮੇਸ਼ ਕੌਲ ਅਤੇ ਸੰਸਦੀ ਇੰਚਾਰਜ, ਮਾਸਟਰ ਹਰਭਜਨ ਸਿੰਘ ਬਲਾਲੋਂ ਜੋਨ ਇੰਚਾਰਜ, ਅਸ਼ੋਕ ਸੰਧੂ ਜੋਨ ਇੰਚਾਰਜ, ਹਲਕਾ ਇੰਚਾਰਜ ਮਨੋਹਰ ਲਾਲ ਜੱਖੂ ਨੇ ਸ੍ਰੀ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ ਚੰਡੀਗੜ੍ਹ ਹਰਿਆਣਾ, ਪੰਜਾਬ ਇੰਚਾਰਜ ਵਿਪਲ ਕੁਮਾਰ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਗਵਾੜਾ ਵਿਖੇ 29 ਅਗਸਤ ਨੂੰ ਦਾਣਾ ਮੰਡੀ ਵਿਖੇ ਸੱਤਾ ਪਰਿਵਰਤਨ ਕਰਨ ਲਈ ਅਲਖ ਜਗਾਓ ਮਹਾਂ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਸਪਾ ਦੇ ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਨੇ ਦੱਸਿਆ ਕਿ ਇਸ ਮਹਾਂ ਰੈਲੀ ਵਿਚ ਇਕ ਲੱਖ ਤੋਂ ਜ਼ਿਆਦਾ ਲੋਕਾਂ ਦਾ ਇਕੱਠ ਹਵੇਗਾ। ਰੈਲੀ ਨੂੰ ਸਫਲ ਬਨਾਉਣ ਲਈ ਫਗਵਾੜੇ ਦੇ ਸਾਰੇ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਫਗਵਾੜਾ ਵਿਧਾਨਸਭਾ ਹਲਕੇ ਨੂੰ ਦਸ ਜੋਨਾਂ ਵਿਚ ਵੰਡਿਆ ਗਿਆ ਹੈ। ਸਾਰੇ ਜੋਨਾਂ ਵਿੱਚੋਂ ਦਸ- ਦਸ ਗੱਡੀਆਂ ਦੀ ਡਿਊਟੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਬਸਪਾ ਦੇ ਸਮੂਹ ਵਰਕਰਾਂ ਵਿਚ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਰਮੇਸ਼ ਕੌਲ ਨੇ ਕਿਹਾ ਕਿ ਜਦੋਂ ਦਾ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋਇਆ ਹੈ ਉਦੋਂ ਤੋਂ ਹੀ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਅੰਦਰ ਬੇਚੈਨੀ ਦਾ ਮਾਹੌਲ ਹੈ। ਤਿੰਨੋਂ ਪਾਰਟੀਆਂ ਦੀ ਚਿੰਤਾ ਵੱਧ ਗਈ ਹੈ। ਇਸੇ ਕਰਕੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਬਸਪਾ ਦੇ ਹਿੱਸੇ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੀ ਸੀਟ ਨੂੰ ਲੈ ਕੇ ਪਵਿੱਤਰ ਤੇ ਅਪਵਿੱਤਰ ਲਫ਼ਜ਼ ਵਰਤੇ ਹਨ। ਆਮ ਆਦਮੀ ਪਾਰਟੀ ਦੀ ਆਗੂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਪ੍ਰਤੀ ਸੰਵਿਧਾਨ ਨੂੰ ਲੈ ਕੇ ਅਪਮਾਨ ਜਨਕ ਸ਼ਬਦਾਵਲੀ ਵਰਤੀ। ਸੁਖਦੇਵ ਸਿੰਘ ਢੀਂਡਸਾ ਅਤੇ ਭਾਜਪਾ ਦੇ ਸ੍ਰੀ ਦੇਵ ਨੇ ਦਲਿਤ ਸਮਾਜ ਅਤੇ ਬਾਬਾ ਸਾਹਿਬ ਦਾ ਨਿਰਾਦਰ ਕੀਤਾ। ਇਹ ਸਭ ਕੁੱਝ ਬਸਪਾ-ਅਕਾਲੀ ਗਠਜੋੜ ਹੋਣ ਦੀ ਵਿਰੋਧੀ ਧਿਰਾਂ ਵਿਚ ਫੈਲ ਚੁੱਕੀ ਬੌਖਲਾਹਟ ਦੇ ਸਬੂਤ ਹਨ। ਬਸਪਾ ਦੇ ਭਾਈਵਾਲ ਸ੍ਰੋਮਣੀ ਅਕਾਲੀ ਦਲ ਵਲੋਂ ਅਗਲੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਸੂਬੇ ਵਿਚ ਅਕਾਲੀ-ਬਸਪਾ ਸਰਕਾਰ ਬਣ੍ਵ ਤੇ ਤੇਰਾਂ ਨੁਕਾਤੀ ਪ੍ਰੋਗਰਾਮ ਲਾਗੂ ਕਰਨ ਦੇ ਕੀਤੇ ਐਲਾਨ ਨੇ ਪੰਜਾਬੀਆਂ ਵਿਚ ਹੋਰ ਵੀ ਉਤਸ਼ਾਹ ਭਰ ਦਿੱਤਾ ਹੈ ਅਤੇ 29 ਅਗਸਤ ਦੀ ਫਗਵਾੜਾ ਮਹਾਂ ਰੈਲੀ ਇਸ ਗੱਲ ਤੇ ਮੋਹਰ ਲਗਾਏਗੀ ਕਿ ਸੂਬੇ ਵਿਚ ਅਗਲੀ ਸਰਕਾਰ ਅਕਾਲੀ-ਬਸਪਾ ਗਠਜੋੜ ਦੀ ਹੀ ਬਣੇਗੀ। ਇਸ ਮੀਟਿੰਗ ਵਿਚ ਇੰਜੀਨੀਅਰ ਪ੍ਰਦੀਪ ਮੱਲ, ਬਲਵਿੰਦਰ ਬੋਧ, ਪਰਮਿੰਦਰ ਬੋਧ, ਅਮਰਜੀਤ ਖੁੱਤਣ, ਸੀਮਾ ਰਾਣੀ, ਲੇਖਰਾਜ ਜਮਾਲਪੁਰ, ਸੁਰਜੀਤ ਭੁੱਲਾਰਾਈ, ਤੇਜਪਾਲ ਬਸਰਾ, ਪੁਸ਼ਪਿੰਦਰ ਕੌਰ, ਰਾਮ ਮੂਰਤੀ ਖੇੜਾ, ਹਰਭਜਨ ਸੁਮਨ ਤੇ ਪ੍ਰਨੀਸ਼ ਬੰਗਾ ਆਦਿ ਹਾਜਰ ਸਨ।