ਫਗਵਾੜਾ 13 ਜੂਨ (ਸ਼ਿਵ ਕੋੜਾ) :ਪੀ.ਡਬਲਯੂ.ਡੀ. ਵਿਭਾਗ ਤੋਂ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਅਤੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਇੰਜੀ. ਮੋਹਨ ਲਾਲ ਸੂਦ ਦੇ ਅਣਥਕ ਯਤਨਾਂ ਸਦਕਾ ਜਿਲ੍ਹਾ ਐਸ.ਬੀ.ਐਸ. ਨਗਰ ਦੇ ਕਸਬਾ ਬਹਿਰਾਮ ਵਿਖੇ ਵੀ.ਯੂ.ਪੀ. ਸਰਵਿਸ ਰੋਡ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਅੱਜ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਸੜਕ ਦਾ ਉਦਘਾਟਨ ਕੀਤਾ। ਇਸ ਦੌਰਾਨ ਉਹਨਾਂ ਆਮ ਲੋਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਇੰਜੀਨੀਅਰ ਮੋਹਨ ਲਾਲ ਸੂਦ ਵਲੋਂ ਵੀ.ਯੂ.ਪੀ. ਰੋਡ ਦੀ ਉਸਾਰੀ ਲਈ ਦਿਖਾਈ ਤੱਤਪਰਤਾ ਦੀ ਸ਼ਲਾਘਾ ਕੀਤੀ। ਸੰਤ ਸੀਚੇਵਾਲ ਦੇ ਨਾਲ ਮੋਜੂਦ ਇੰਜੀਨੀਅਰ ਮੋਹਨ ਲਾਲ ਸੂਦ ਨੇ ਦੱਸਿਆ ਕਿ ਰੋਪੜ-ਫਗਵਾੜਾ ਫੋਰਲੇਨ ਐਕਸਪ੍ਰੈਸ ਬਣਨ ਸਮੇਂ ਉਹਨਾਂ ਬਹਿਰਾਮ-ਮਾਹਿਲਪੁਰ ਰੋਡ ਨੂੁੰ ਅੰਡਰ ਪਾਸ ਦੇਣ ਦੀ ਮੰਗ ਸਬੰਧਤ ਕੰਪਨੀ ਤੋਂ ਰੱਖੀ ਸੀ ਪਰ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੋਣ ਕਰਕੇ ਕੰਪਨੀ ਦੇ ਅਧਿਕਾਰੀਆਂ ਨੇ ਅਸਮਰਥਤਾ ਜਾਹਿਰ ਕੀਤੀ। ਬਾਵਜੂਦ ਇਸ ਦੇ ਬਹਿਰਾਮ ਅਤੇ ਹੋਰ ਨੇੜਲੇ ਪਿੰਡਾਂ ਦੇ ਵਸਨੀਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਉਹਨਾਂ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਅਤੇ ਸਬੰਧਤ ਵਿਭਾਗ ਦੇ ਯੂਨੀਅਨ ਮਿਨਿਸਟਰ ਸ੍ਰੀ ਨਿਤਿਨ ਗਡਕਰੀ ਨੂੰ ਪੱਤਰ ਲਿੱਖ ਕੇ ਦੱਸਿਆ ਸੀ ਕਿ ਬਹਿਰਾਮ ਸਮੇਤ ਇਲਾਕੇ ਦੇ ਲੋਕਾਂ ਨੂੰ ਫੋਰਲੇਨ ਨੈਸ਼ਨਲ ਹਾਈ-ਵੇ ਬਣਨ ਨਾਲ ਭਾਰੀ ਦਿੱਕਤ ਹੋਵੇਗੀ ਅਤੇ ਤੇਜ ਰਫਤਾਰ ਵਾਹਨਾਂ ਨਾਲ ਹਾਦਸਿਆਂ ਦਾ ਬਹੁਤ ਜਿਆਦਾ ਖਤਰਾ ਹੈ। ਉਹਨਾਂ ਸਮੂਹ ਸਿਆਸੀ ਨੁਮਾਇੰਦਿਆਂ ਅਤੇ ਵਿਭਾਗੀ ਅਧਿਕਾਰੀਆਂ ਦਾ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿਚ ਮਿਲੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਬਹਿਰਾਮ ਸਮੇਤ ਨੇੜਲੇ ਇਲਾਕੇ ਦੇ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ। ਕਿਉਂਕਿ ਪਿਛਲੇ ਸਮੇਂ ਦੌਰਾਨ ਇਸ ਮੋੜ ਉਪਰ ਬਹੁਤ ਸਾਰੇ ਸੜਕ ਹਾਦਸੇ ਹੋਏ ਸਨ ਜਿਹਨਾਂ ਵਿਚ ਕਈ ਕੀਮਤੀ ਜਿੰਦਗੀਆਂ ਜਾਇਆ ਹੋ ਚੁੱਕੀਆਂ ਹਨ।