ਅੰਮ੍ਰਿਤਸਰ,8 ਸਤੰਬਰ ( )- ਬੇਸ਼ੱਕ ਡੀ.ਪੀ. ਆਈ. (ਐਲੀ.) ਪੰਜਾਬ ਵੱਲੋਂ ਬੀਤੇ ਕੱਲ ਜਿਲ੍ਹਾ ਸਿੱਖਿਆ ਅਫਸਰ (ਐਲੀ.) ਅੰਮ੍ਰਿਤਸਰ ਨੂੰ ਮੋਹਾਲੀ ਆਪਣੇ ਦਫ਼ਤਰ ਬੁਲਾ ਕੇ ਜਿਲ੍ਹੇ ‘ਚ ਬਣਦੀਆਂ ਪ੍ਰਮੋਸ਼ਨਾਂ ਜਲਦ ਕਰਨ ਲਈ ਲੋੜੀਂਦੀ ਕਾਰਵਾਈ ਜਲਦ ਪੂਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ ਪ੍ਰੰਤੂ ਈ.ਟੀ.ਯੂ. ਆਗੂਆਂ ਜਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਹੈੱਡਟੀਚਰ/ਸੈੰਟਰ ਹੈੱਡਟੀਚਰ ਦੀਆਂ ਪ੍ਰਮੋਸ਼ਨਾਂ ਦੇ ਆਰਡਰ ਹੋਣ ਤੱਕ ਉਨ੍ਹਾਂ ਦਾ ਸੰਘਰਸ਼ ਰਹੇਗਾ ਜਾਰੀ । ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਲੋਂ ਜਾਣ ਬੁੱਝ ਕੇ ਲੰਮੇ ਸਮੇ ਤੋਂ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਨਾ ਕਰਨ ਦੇ ਰੋਸ ਵਜੋਂ ਈ.ਟੀ.ਯੂ.ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੇ 14ਵੇਂ ਦਿਨ ਅੱਜ ਬਲਾਕ ਅੰਮ੍ਰਿਤਸਰ – 3 ਵਲੋਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਭੁੱਖ ਹੜਤਾਲ ਤੇ ਬੈਠੇ ਗਗਨਦੀਪ ਸਿੰਘ ਵੜੈਚ, ਮਲਕੀਅਤ ਸਿੰਘ ਮੀਰਾਂਕੋਟ,ਪ੍ਰਦੀਪ ਸਿੰਘ ਥਿੰਦ,ਨਵਦੀਪ ਸਿੰਘ ਬਾਬਾ,ਹਰਜੀਤ ਸਿੰਘ ਥਿੰਦ,ਸਤਬੀਰ ਸਿੰਘ,ਰਘਬੀਰ ਸਿੰਘ, ਸੰਜੇ ਸੋਹਲ,ਸੰਦੀਪ ਸਿੰਘ,ਗੁਰਚਰਨ ਸਿੰਘ ਅਤੇ ਤਰਸੇਮ ਸਿੰਘ ਆਦਿ ਈ.ਟੀ.ਯੂ.ਆਗੂਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ,ਨਵਦੀਪ ਸਿੰਘ ਬਾਬਾ,ਗਗਨਦੀਪ ਸਿੰਘ,ਮਲਕੀਅਤ ਸਿੰਘ ਭੁੱਲਰ ਅਤੇ ਪ੍ਰਦੀਪ ਸਿੰਘ ਥਿੰਦ ਨੇ ਕਿਹਾ ਕਿ ਜ਼ਿਲ੍ਹਾ ਦਫ਼ਤਰ ਦੀ ਵੱਡੀ ਨਾਲਾਇਕੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾ ਰੁਕੀਆਂ ਹੋਈਆਂ,ਜਿਸ ਕਾਰਨ ਅਧਿਆਪਕਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ ਜਿਸ ਨੂੰ ਲੈ ਪਿਛਲੇ 14 ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈ ਪਰ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਅੰਮ੍ਰਿਤਸਰ ਵਲੋਂ ਇਸ ਮਸਲੇ ਵੱਲ ਅਜੇ ਵੀ ਵਿਸ਼ੇਸ਼ ਤਵੱਜੋਂ ਨਹੀਂ ਦਿੱਤੀ ਜਾ ਰਹੀ।ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਜਿਲ੍ਹੇ ਨਾਲ ਸਬੰਧਿਤ ਹਲਕਾ ਵਿਧਾਇਕਾਂ ਨੂੰ ਮਿਲ ਕੇ ਵੀ ਰੋਸ ਪ੍ਰਗਟ ਕਰਕੇ ਮੰਗ ਕੀਤੀ ਜਾ ਰਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾ ਨਾ ਕਰਕੇ ਅਧਿਆਪਕਾਂ ਨੂੰ ਬੇਲੋੜਾ ਪ੍ਰੇਸ਼ਾਨ ਕਰ ਰਹੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਦਫ਼ਤਰੀ ਅਮਲੇ ਨੂੰ ਨੱਥ ਪਾਈ ਜਾਵੇ ਕਿਉਂਕਿ ਇਸ ਨਾਲ ਜਿੱਥੇ ਸਰਹੱਦੀ ਸਕੂਲਾਂ, ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਉਥੇ ਹੀ ਸਰਹੱਦੀ ਜਿਲੇ ‘ਚ ਸਿੱਖਿਆ ਦੇ ਸੁਧਾਰ ਦਾ ਢੰਡੋਰਾ ਪਿੱਟ ਰਹੀ ਸਰਕਾਰ ਦੀ ਪੋਲ ਵੀ ਅੰਮ੍ਰਿਤਸਰ ਦੇ ਜ਼ਿਲ੍ਹਾ ਸਿੱਖਿਆ ਅਫਸਰ ਤੇ ਉਸ ਦੇ ਅਮਲੇ ਕਾਰਨ ਲੋਕਾਂ ਸਾਹਮਣੇ ਖੁੱਲ੍ਹ ਰਹੀ ਹੈ। ਜੋ ਜਿਲੇ ਅੰਦਰ ਲੰਮੇ ਸਮੇਂ ਤੋਂ ਸਿੱਖਿਆ ਪ੍ਰਬੰਧਾਂ ਦਾ ਵੱਡੇ ਪੱਧਰ ਤੇ ਨੁਕਸਾਨ ਕਰ ਰਹੇ ਹਨ। ਉਨ੍ਹਾਂ ਜਿਲਾ ਸਿਖਿਆ ਦਫਤਰ ਦੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕਾਰਵਾਈ ਵੀ ਤੁਰੰਤ ਅਮਲ ‘ਚ ਲਿਆ ਕੇ ਅਧਿਆਪਕਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਆਗੂਆਂ ਨੇ ਵੀ ਸਪੱਸ਼ਟ ਕੀਤਾ ਕਿ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾ ਦੇ ਆਰਡਰ ਹੋਣ ਤੱਕ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ।