ਫਗਵਾੜਾ 17 ਜੁਲਾਈ (ਸ਼ਿਵ ਕੋੜਾ) ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਅਨੁਸਾਰ ਕਾਂਗਰਸ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅੱਜ ਸਮੂਹ ਭਾਰਤੀ ਨੌਜਵਾਨਾਂ ਦੇ ਆਈਡਲ ਬਣ ਚੁੱਕੇ ਹਨ। ਅੱਜ ਇੱਥੇ ਗੱਲਬਾਤ ਕਰਦਿਆਂ ਸੌਰਵ ਖੁੱਲਰ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਰਾਹੁਲ ਗਾਂਧੀ ਨਿਧੜਕ ਆਗੂ ਵਜੋਂ ਆਪਣੀ ਪਛਾਣ ਬਨਾਉਣ ਵਿਚ ਸਫਲ ਰਹੇ ਹਨ। ਕਿਉਂਕਿ ਕੋਵਿਡ-19 ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਵਿਚ ਮੋਦੀ ਸਰਕਾਰ ਦੀ ਹਰ ਲਾਪਰਵਾਹੀ ਅਤੇ ਹਰ ਗਲਤੀ ਨੂੰ ਉਹਨਾਂ ਬੇਖੌਫ ਹੋ ਕੇ ਦੇਸ਼ ਦੇ ਸਾਹਮਣੇ ਰੱਖਿਆ। ਜਦੋਂ ਵਿਰੋਧੀ ਧਿਰ ਦਾ ਹਰ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਮੂੰਹ ਖੋਲ੍ਹਣ ਤੋਂ ਡਰਦਾ ਹੈ ਤਾਂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਦਿੱਲੀ ਦੇ ਬਾਰਡਰਾਂ ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਸ਼ਹੀਦੀਆਂ ਦੇ ਰਹੇ ਕਿਸਾਨਾ ਦੇ ਸਮਰਥਨ ਵਿਚ ਰਾਹੁਲ ਗਾਂਧੀ ਨੇ ਖੁੱਲ ਕੇ ਆਪਣੇ ਵਿਚਾਰ ਰੱਖੇ ਜਿਸ ਕਰਕੇ ਮੋਦੀ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਹੋਲਡ ਕਰਨ ਲਈ ਮਜਬੂਰ ਹੋਣਾ ਪਿਆ। ਇਸ ਨਾਲ ਰਾਹੁਲ ਗਾਂਧੀ ਦੀ ਸ਼ਖਸੀਅਤ ਹੋਰ ਵੀ ਨਿਖਰ ਕੇ ਨੌਜਵਾਨਾਂ ਦੇ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਢਿੱਲੋਂ ਦੀ ਅਗਵਾਈ ਹੇਠ ਹਰ ਯੂਥ ਵਰਕਰ ਅਤੇ ਅਹੁਦੇਦਾਰ ਰਾਹੁਲ ਗਾਂਧੀ ਦੇ ਵਿਜਨ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਤਨਦੇਹੀ ਨਾਲ ਕਰ ਰਿਹਾ ਹੈ। ਸੌਰਵ ਖੁੱਲਰ ਨੇ ਕਿਹਾ ਕਿ ਅਗਲੇ ਸਾਲ ਦੀਆਂ ਪੰਜਾਬ ਵਿਧਾਨਸਭਾ ਚੋਣਾਂ ਵਿਚ ਯੂਥ ਕਾਂਗਰਸ ਦੀ ਭੂਮਿਕਾ ਨੂੰ ਰਾਹੁਲ ਗਾਂਧੀ ਹੀ ਨਿਰਧਾਰਤ ਕਰਨਗੇ ਅਤੇ ਕਾਂਗਰਸ ਦੀ ਸ਼ਾਨਦਾਰ ਜਿੱਤ ਦੀ ਨੀਂਹ ਰੱਖੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਲੋਕ ਮਾਰੂ ਨੀਤੀਆਂ ਦੀ ਵਜ੍ਹਾ ਨਾਲ ਹੁਣ ਮੋਦੀ ਸਰਕਾਰ ਦੁਬਾਰਾ ਕਦੇ ਵੀ ਸੱਤਾ ਵਿਚ ਨਹੀਂ ਆਏਗੀ ਤੇ ਰਾਹੁਲ ਗਾਂਧੀ ਹੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।