ਫਗਵਾੜਾ 7 ਜੁਲਾਈ (ਸ਼ਿਵ ਕੋੜਾ) ਨਗਰ ਨਿਗਮ ਫਗਵਾੜਾ ਦੇ ਠੇਕੇਦਾਰ ਵਿਵੇਕ ਵਲੋਂ ਇਕ ਮਹਿਲਾ ਕਾਂਗਰਸ ਆਗੂ ਨਾਲ ਕਥਿਤ ਤੌਰ ਤੇ ਦੁਰਵਿਹਾਰ ਕਰਨ ਦੇ ਮਾਮਲੇ ‘ਚ ਅੱਜ ਮਹਿਲਾ ਕਾਂਗਰਸ ਆਗੂਆਂ ਨੇ ਕਮੀਸ਼ਨਰ ਦਫਤਰ ਫਗਵਾੜਾ ਵਿਖੇ ਇਕ ਮੰਗ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਮਹਿਲਾ ਕਾਂਗਰਸ ਆਗੂ ਮੀਨਾਕਸ਼ੀ ਵਰਮਾ, ਸ਼ਵਿੰਦਰ ਨਿਸ਼ਚਲ, ਗੁਰਪ੍ਰੀਤ ਕੌਰ ਜੰਡੂ ਅਤੇ ਰਘਬੀਰ ਕੌਰ ਨੇ ਦੱਸਿਆ ਕਿ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਮਹਿਲਾ ਕਾਂਗਰਸ ਵਰਕਰ ਨਾਲ ਬਦਸਲੂਕੀ ਬਰਦਾਸ਼ਤ ਕਰਨ ਯੋਗ ਨਹੀਂ ਹੈ। ਉਹ ਕਮੀਸ਼ਨਰ ਰਾਜੀਵ ਵਰਮਾ ਨਾਲ ਗੱਲ ਕਰਨ ਲਈ ਆਏ ਸਨ ਪਰ ਉਹ ਦਫਤਰ ਵਿਚ ਨਹੀਂ ਮਿਲੇ ਜਿਸ ਤੇ ਸੁਪਰਡੈਂਟ ਅਜੀਤ ਸਿੰਘ ਨੂੰ ਮੰਗ ਪੱਤਰ ਦੇ ਦਿੱਤਾ ਹੈ। ਜੇਕਰ ਸਬੰਧਤ ਠੇਕੇਦਾਰ ਖਿਲਾਫ ਠੋਸ ਕਾਰਵਾਈ ਨਹੀਂ ਹੋਈ ਤਾਂ ਧਰਨਾ ਲਗਾ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।