ਜਲੰਧਰ 20 ਅਗਸਤ 2020

ਮਾਰਕਫ਼ੈਡ ਵਲੋਂ ਪਸ਼ੂ ਪਾਲਕਾਂ ਅਤੇ ਡੇਅਰੀ ਮਾਲਕਾਂ ਲਈ ਲੱਕੀ ਡਰਾਅ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ,ਜਿਸ ਤਹਿਤ ਮਾਰਕਫ਼ੈਡ ਦੀ ਪਸ਼ੂ ਖ਼ੁਰਾਕ ਵਰਤਣ ਵਾਲਿਆਂ ਨੂੰ ਲੱਖਾਂ ਰੁਪਏ ਦੇ ਆਕਰਸ਼ਕ ਇਨਾਮ ਦਿੱਤੇ ਜਾਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਨੇਜਰ ਮਾਰਕਫ਼ੈਡ ਜਲੰਧਰ  ਸਚਿਨ ਗਰਗ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲਾ ਇਨਾਮ 3 ਲੱਖ ਰੁਪਏ ਦੀ ਕੀਮਤ ਦੇ ਦੋ ਰਾਇਲ ਬੁਲੇਟ ਮੋਟਰ ਸਾਈਕਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਦੂਜੇ ਇਨਾਮ ਵਿੱਚ 1.50 ਲੱਖ ਰੁਪਏ ਦੇ ਦੋ ਹੀਰੋ ਮੋਟਰ ਸਾਈਕਲ, ਤੀਜੇ ਇਨਾਮ ਵਿੱਚ 1.20 ਲੱਖ ਰੁਪਏ ਦੀਆਂ ਦੋ ਹੌਂਡਾ ਐਕਟਿਵਾ, ਚੌਥੇ ਇਨਾਮ ਵਿੱਚ 50 ਹਜ਼ਾਰ ਰੁਪਏ ਦੀਆਂ ਦੋ 32 ਇੰਚ ਐਲ.ਈ.ਡੀ. ਟੀ.ਵੀ., ਪੰਜਵੇਂ ਇਨਾਮ ਵਿੱਚ 30 ਹਜ਼ਾਰ ਰੁਪਏ ਦੀਆਂ 265 ਲੀਟਰ ਦੀਆਂ ਦੋ ਫਰਿਜ਼ਾਂ ਤੋਂ ਇਲਾਵਾ ਹੋਰ ਵੀ ਕਈ ਆਕਰਸ਼ਕ ਇਨਾਮ ਮਾਰਕਫ਼ੈਡ ਦੀ ਪਸ਼ੂ ਖ਼ੁਰਾਕ ਵਰਤਣ ਵਾਲੇ ਪਸ਼ੂ ਪਾਲਕਾਂ ਅਤੇ ਡੇਅਰੀ ਮਾਲਕਾਂ ਨੂੰ ਦਿੱਤੇ ਜਾਣਗੇ। ਗਰਗ ਨੇ ਅੱਗੇ ਦੱਸਿਆ ਕਿ ਮਾਰਕਫ਼ੈਡ ਦੀ ਪਸ਼ੂ ਖ਼ੁਰਾਕ ਦੇ ਹਰ ਥੈਲੇ ਵਿਚੋਂ ਇਕ ਲੱਕੀ ਕੂਪਨ ਨਿਕਲੇਗਾ,ਜਿਸ ਨੂੰ ਪਸ਼ੂ ਪਾਲਕ ਵਲੋਂ ਸੰਭਾਲ ਕੇ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੱਕੀ ਸਕੀਮ ਦੇ ਡਰਾਅ ਦਾ ਐਲਾਨ 6 ਨਵੰਬਰ 2020 ਨੂੰ ਮਾਰਕਫ਼ੈਡ ਕੈਟਲਫ਼ੀਡ ਪਲਾਂਟ ਕਪੂਰਥਲਾ ਵਿਖੇ ਕੀਤਾ ਜਾਵੇਗਾ।