ਫਗਵਾੜਾ (ਸ਼ਿਵ ਕੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਸ਼ਹਿਰ ਦੇ ਵਾਰਡ ਨੰਬਰ 25 ਅਧੀਨ ਮੁਹੱਲਾ ਕੌਲਸਰ ਵਿਖੇ ਕਾਫੀ ਸਮੇਂ ਤੋਂ ਖਸਤਾ ਹਾਲ ਧਰਮਸ਼ਾਲਾ ਦੀ ਮੁੜ ਉਸਾਰੀ ਲਈ ਪੰਜਾਬ ਸਰਕਾਰ ਤੋਂ ਜਾਰੀ ਕਰਵਾਈ ਗ੍ਰਾਂਟ ਨਾਲ ਅੱਜ ਉਸਾਰੀ ਦੇ ਕੰਮ ਦਾ ਸ਼ੁੱਭ ਆਰੰਭ ਡੇਰਾ ਸੰਤ ਬਾਬਾ ਫੂਲਨਾਥ ਨਾਨਕ ਨਗਰੀ ਚਹੇੜੂ ਦੇ ਗੱਦੀ ਨਸ਼ੀਨ ਸੰਤ ਕ੍ਰਿਸ਼ਨ ਨਾਥ ਵਲੋਂ ਅਰਦਾਸ ਉਪਰੰਤ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਭਾਗਮੱਲ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਗ੍ਰਾਂਟ ਜਾਰੀ ਕਰਾਉਣ ਉਪਰੰਤ ਕੁੱਝ ਸਮਾਂ ਪਹਿਲਾਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਨੇ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਸੀ ਪਰ ਕੋਵਿਡ-19 ਕੋਰੋਨਾ ਲਾਕਡਾਉਨ ਦੇ ਚਲਦਿਆਂ ਕੰਮ ਸ਼ੁਰੂ ਕਰਾਉਣ ਵਿਚ ਕੁੱਝ ਸਮਾਂ ਲੱਗ ਗਿਆ। ਅੱਜ ਸੰਤ ਕ੍ਰਿਸ਼ਨ ਨਾਥ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਹਨ ਅਤੇ ਅਰਦਾਸ ਕਰਕੇ ਕੰਮ ਸ਼ੁਰੂ ਕਰਵਾਇਆ ਹੈ। ਉਹਨਾਂ ਵਿਧਾਇਕ ਧਾਲੀਵਾਲ ਦਾ ਗ੍ਰਾਂਟ ਜਾਰੀ ਕਰਾਉਣ ਲਈ ਇਕ ਵਾਰ ਫਿਰ ਸਮੂਹ ਇਲਾਕਾ ਨਿਵਾਸੀਆਂ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੁਰੂ ਰਵਿਦਾਸ ਸੁਸਾਇਟੀ ਦੇ ਪ੍ਰਧਾਨ ਮਦਨ ਲਾਲ, ਕਮੇਟੀ ਮੈਂਬਰ ਗੁਰਦੇਵ ਰਾਜ ਫੌਜੀ, ਸ਼ਰਧਾ ਰਾਮ, ਮੇਵਾ ਲਾਲ, ਨਹਿਰੂ ਲਾਲ, ਸੋਹਨ ਸਿੰਘ ਪਰਮਾਰ, ਨਿੰਮਾ ਰਵੀਦਾਸ ਨਗਰ, ਠੇਕੇਦਾਰ ਚੰਦਰੇਸ਼ ਕੁਮਾਰ, ਕਮਲਜੀਤ ਸਾਬਕਾ ਸਰਪੰਚ ਖੋਥੜਾਂ, ਪਰਮਜੀਤ ਕੌਰ ਪੰਮੀ, ਰਾਜਵਿੰਦਰ ਕੌਰ, ਸ਼ੀਤਲਾ ਦੇਵੀ, ਸੀਤਾ ਦੇਵਾ, ਸਤਿਆ ਦੇਵੀ, ਊਸ਼ਾ ਰਾਣੀ, ਸੁਨੀਤਾ ਰਾਣੀ ਸਮੇਤ ਵਾਰਡ ਦੇ ਪਤਵੰਤੇ ਹਾਜਰ ਸਨ।