ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਪੰਜਾਬ ਦੇ ਮੋਹਾਲੀ ਪਹੁੰਚੇ। ਹਵਾਈ ਅੱਡੇ ‘ਤੇ ਉਨ੍ਹਾਂ ਕਿਹਾ ਕਿ ਇਕ ਪਾਸੇ ਸੂਬਾ ਸਰਕਾਰ ਦਾਅਵਾ ਕਰਦੀ ਹੈ ਕਿ ਉਹ ਅਧਿਆਪਕਾਂ ਨੂੰ ਨੌਕਰੀਆਂ ਦੇ ਰਹੀ ਹੈ। 36 ਹਜ਼ਾਰ ਮੁਲਾਜ਼ਮ ਪੱਕੇ ਹੋ ਚੁੱਕੇ ਹਨ ਪਰ ਛੇ ਮਹੀਨਿਆਂ ਤੋਂ ਬੇਰੁਜ਼ਗਾਰ ਅਧਿਆਪਕ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਝੂਠ ਬੋਲਣ ਦੀ ਆਦੀ ਹੋ ਚੁੱਕੀ ਹੈ। ਇਸ ਦਾ ਸਬੂਤ ਖੁਦ ਪੀੜਤ ਹਨ।ਇਸ ਦੌਰਾਨ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਉਹ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬਾਹਰ ਪੁੱਜੇ, ਤਾਂ ਜੋ ਸੱਚ ਉਨ੍ਹਾਂ ਦੇ ਸਾਹਮਣੇ ਲਿਆਂਦਾ ਜਾ ਸਕੇ। ਦੂਜੇ ਪਾਸੇ ‘ਆਪ’ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਝੂਠੇ ਐਲਾਨ ਕਰ ਰਹੀ ਹੈ। ਸਾਢੇ ਚਾਰ ਸਾਲਾਂ ਵਿੱਚ ਕੁਝ ਨਹੀਂ ਹੋਇਆ। ਦਿੱਲੀ ਸਰਕਾਰ ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ ਭੇਜ ਰਹੀ ਹੈ ਤੇ ਚੰਨੀ ਸਰਕਾਰ ਪਾਣੀ ਵਾਲੀ ਟੈਂਕੀ ‘ਤੇ ਭੇਜ ਰਹੀ ਹੈ।ਇਸ ਦੌਰਾਨ ਹੀ ਉਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਹੇਠਾਂ ਆਉਣ ਦੀ ਅਪੀਲ ਕੀਤੀ। ਇਕ ਮਹਿਲਾ ਅਧਿਆਪਕ ਨੇ ਕਿਹਾ ਕਿ ਜਦੋਂ ਤੱਕ ਉਸ ਦੇ ਕੇਸ ਦਾ ਹੱਲ ਨਹੀਂ ਹੋ ਜਾਂਦਾ ਉਹ ਹੇਠਾਂ ਨਹੀਂ ਉਤਰੇਗੀ। ਇਸ ‘ਤੇ ਕੇਜਰੀਵਾਲ ਨੇ ਕਿਹਾ ਕਿ ਉਹ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਚਿੰਤਤ ਹਨ।