ਬਠਿੰਡਾ, 8 ਜਨਵਰੀ : ਯੂਥ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੀ ਇਸ ਗੱਲੋਂ ਸਖ਼ਤ ਨਿਖੇਧੀ ਕੀਤੀ ਕਿ ਉਸਨੇ ਕੇਂਦਰ ਦੇ ਹੁਕਮਾਂ ’ਤੇ ਕਿਸਾਨ ਅੰਦੋਲਨ ਨੁੰ ਸਾਬੋਤਾਜ ਕਰਨ ਦੇ ਇਰਾਦੇ ਨਾਲ ਸਕੂਲ ਮੁੜ ਖੋਲ੍ਹਣ ਦੇ ਇਕਤਰਫਾ ਹੁਕਮ ਜਾਰੀ ਕਰ ਦਿੱਤੇ ਹਨ।
ਇਥੇ ਇਸ ਮਾਮਲੇ ’ਤੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸਸਿੰਘ ਰੋਮਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਵਿਚ ਸਾਰੇ ਸਕੂਲ ਖੋਲ੍ਹੱਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਇਸ ਵਾਸਤੇ ਮਾਪੇ ਅਧਿਆਪਕ ਐਸੋਸੀਏਸ਼ਨਾਂ ਜਾਂ ਹੋਰ ਧਿਰਾਂ ਨਾਲ ਕੋਈ ਰਾਇ ਮਸ਼ਵਰਾ ਹੀ ਨਹੀਂ ਕੀਤਾ। ਉਹਨਾਂ ਕਿਹਾ ਕਿ ਸਰਕਾਰ ਨੇ ਸਕੂਲ ਮੁੜ ਖੋਲ੍ਹਣ ਲਈ ਕੋਈ ਨਿਯਮ ਤੈਅ ਨਹੀਂ ਕੀਤੇ ਤੇ ਇਸ ਸਬੰਧ ਵਿਚ ਮਾਪਿਆਂ ਤੋਂ ਹਲਫਨਾਮੇ ਲੈ ਕੇ ਸਾਰੀ ਜ਼ਿੰਮੇਵਾਰੀ ਉਹਨਾਂ ਸਿਰ ਪਾ ਦਿੱਤੀ ਹੈ।
ਸ੍ਰੀ ਰੋਮਾਣਾ ਨੇ ਕਿਹਾ ਕਿ ਇਹ ਹਦਾਇਤਾਂ ਅਸਲ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਆਈਆਂ ਹਨ ਅਤੇ ਰਾਜ ਸਰਕਾਰ ਉਹਨਾਂ ਦੇ ਹੁਕਮਾਂ ’ਤੇ ਨੱਚ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਕਿਸਾਨਾਂ ਦੀ ਹਾਜ਼ਰੀ ਘਟਾਉਣਾ ਚਾਹੁੰਦੀ ਹੈ। ਇਸ ਵਾਸਤੇ ਉਸਨੇ ਸਕੂਲ ਮੁੜ ਖੋਲ੍ਹੱਣ ਲਈ ਰਾਜ ਸਰਕਾਰ ਨੂੰ ਹਦਾਇਤਾਂ ਦੇ ਦਿੱਤੀਆਂ ਤਾਂਜ ੋ ਮਾਪਿਆਂ ਨੁੰ ਬੱਚਿਆਂ ਖਾਤਰ ਮੁੜ ਪੰਜਾਬ ਵਾਪਸ ਆਉਣ ਲਈ ਮਜਬੂਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕੱਲ੍ਹ ਤੋਂ ਸਕੂਲਾਂ ਵਿਚ ਹਾਜ਼ਰੀ ਲਾਜ਼ਮੀ ਕੀਤੀ ਜਾ ਸਕਦੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨ ਅਜਿਹੀਆਂ ਤਰਕੀਬਾਂ ਤੋਂ ਡਰਨ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਕਿਸਾਨ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸ਼ਾਂਤੀਪੂਰਨ ਤਰੀਕੇ ਨਾਲ ਭਾਜਪਾ ਆਗੂਆਂ ਖਿਲਾਫ ਰੋਸ ਪ੍ਰਦਰਸ਼ਨ ਵਾਲੇ ਪੰਜਾਬੀਆਂ ਨੁੰ ਨਿਸ਼ਾਨਾ ਬਣਾਉਣ ਤੇ ਉਹਨਾਂ ਖਿਲਾਫ ਇਰਾਦਾ ਕਤਲ ਕੇਸ ਦਰਜ ਕੀਤੇ ਜਾਣ ਦੀ ਪ੍ਰਵਿਰਤੀ ਵਿਚ ਵਾਧਾ ਹੋਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਬਾਅ ਅੱਗੇ ਝੁੱਕ ਗਏ ਹਨ ਤੇ ਪੰਜਾਬ ਭਾਜਪਾ ਆਗੂ ਹਰਜੀਤ ਗਰੇਵਾਲ ਤੇ ਤੀਕਸ਼ਣ ਸੂਦ ਖਿਲਾਫ ਪ੍ਰਦਰਸ਼ਨ ਵਾਲਿਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗੀਤ ਲੇਖਕਾਂ ਤੇ ਗਾਇਕਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਉਹਨਾਂ ਕਿਹਾ ਕਿ ਕਿਸਾਨ ਲਹਿਰ ਲਈ ਗੈਰ ਸਰਕਾਰੀ ਐਂਥਮ ਲਿਖਣ ਵਾਲੇ ਸ਼੍ਰੀ ਬਰਾੜ ਖਿਲਾਫ ਵੀ ਕੇਸ ਦਰਜ ਕਰ ਕੇ ਉਸਨੁੰ ਗ੍ਰਿਫਤਾਰ ਕੀਤਾ ਗਿਆ ਤੇ ਉਸ ’ਤੇ ਤਸ਼ੱਦਦ ਢਾਹਿਆ ਗਿਆ। ਉਹਨਾਂ ਕਿਹਾ ਕਿ ਇਸਦੇ ਉਲਟ ਉਹਨਾਂ ਗਾਇਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਹਿੰਸਾ ਨੂੰ ਪ੍ਰੋਮੋਟ ਕਰਦੇ ਹਨ ਤੇ ਅਜਿਹੇ ਇਕ ਗਾਇਕ ਨੂੰ ਅਦਾਲਤ ਵੱਲੋਂ ਤਲਬ ਕੀਤੇ ਜਾਣ ਦੇ ਬਾਵਜੂਦ ਉਹ ਕਾਂਗਰਸੀ ਆਗੂਆਂ ਦੀਆਂ ਗੱਡੀਆਂ ਵਿਚ ਖੁਲ੍ਹੇਆਮ ਘੁੰਮ ਰਿਹਾ ਹੈ।
ਸ੍ਰੀ ਰੋਮਾਣਾ ਨੇ ਕਿਹਾ ਕਿ ਯੂਥ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਕੇਂਦਰ ਦੇ ਇਸ਼ਾਰੇ ’ਤੇ ਪੰਜਾਬੀਆਂ ਨੁੰ ਦਬਾਉਣ ਦੀ ਆਗਿਆ ਨਹੀਂ ਦੇਵੇਗਾ। ਉਹਨਾਂ ਹਿਕਾ ਕਿ ਅਸੀਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਹਰ ਪੰਜਾਬੀ ਖਿਲਾਫ ਬਦਲਾਖੋਰੀ ਦੇ ਹਰ ਕੇਸ ਦਾ ਵਿਰੋਧ ਕਰਾਂਗੇ ਤੇ ਉਹਨਾਂ ਨੁੰ ਕਾਨੂੰਨ ਸਹਾਇਤਾ ਵੀ ਦੇਵਾਂਗੇ।