ਜਲੰਧਰ 17 ਅਗਸਤ 2020ਡਿਪਟੀ ਕਮਿਸ਼ਨਰ ਜਲੰਧਰ  ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਦਾ ਰੈਪਿਡ ਅੇਂਟੀਜਨ ਟੈਸਟਿੰਗ ਕਿੱਟਸ ਰਾਹੀਂ ਟੈਸਟ ਲਈ ਰੇਟ 1000 ਰੁਪਏ ਮੁੱਲ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਕੋਵਿਡ-19 ਦਾ ਰੈਪਿਡ ਐਂਟੀਜ਼ਨ ਟੈਸਟਿੰਗ ਕਿੱਟ ਰਾਹੀਂ ਟੈਸਟ ਕਰਨ ’ਤੇ 1000 ਰੁਪਏ ਤੋਂ ਵੱਧ ਮੁੱਲ ਨਹੀਂ ਲੈ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਰਾਸ਼ੀ ਵਿੱਚ ਟੈਸਟ ਲਈ ਘਰ ਤੋਂ ਸੈਂਪਲ ਲੈਣ, ਅਤੇ ਰਿਪੋਰਟ ਤਿਆਰ ਕਰਨ ਦੀ ਕੀਮਤ ਸ਼ਾਮਿਲ ਨਹੀਂ ਹੈ। ਥੋਰੀ ਨੇ ਕਿਹਾ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਸਮੇਂ ਸਮੇਂ ’ਤੇ ਜਾਰੀ ਕੀਤੇ ਗਏ ਟੈਸਟ ਪ੍ਰੋਟੋਕਾਲ ਦੀ ਪ੍ਰਾਈਵੇਟ ਲੈਬਾਰਟਰੀਆਂ ਨੂੰ ਪਾਲਣਾ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ। ਥੋਰੀ ਨੇ ਕਿਹਾ ਕਿ ਪ੍ਰਾਈਵੇਟ ਲੈਬਾਰਟਰੀਆਂ ਨੂੰ ਕੋਵਿਡ-19 ਸਬੰਧੀ ਕੀਤੇ ਗਏ ਟੈਸਟਾਂ ਦਾ ਵੇਰਵਾ ਸੂਬਾ ਸਰਕਾਰ ਨਾਲ ਜਰੂਰ ਸਾਂਝਾ ਕਰਨਾ ਚਾਹੀਦਾ ਹੈ ਅਤੇ ਰਿਪੋਰਟ ਸਬੰਧਿਤ ਮਰੀਜ਼ ਨੂੰ ਤੁਰੰਤ ਦੱਸਣ ਦੇ ਨਾਲ-ਨਾਲ ਆਈ.ਸੀ.ਐਮ.ਆਰ.ਦੇ ਪੋਰਟਲ ’ਤੇ ਵੀ ਅਪਲੋਡ ਕਰਨੀ ਚਾਹੀਦੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਂਪਲ ਲੈਣ ਸਮੇਂ ਵਿਅਕਤੀ ਦੀ ਪਹਿਚਾਣ ਅਤੇ ਪਤਾ ਤੇ ਸਹੀ ਮੋਬਾਇਲ ਨੰਬਰ ਅਤੇ ਹੋਰ ਜਰੂਰੀ ਜਾਣਕਾਰੀ ਪ੍ਰਾਪਤ ਕਰਕੇ ਆਰ.ਟੀ.-ਪੀ.ਸੀ.ਆਰ.ਟੈਸਟ ’ਤੇ ਅਪਲੋਡ ਕਰਨੀ ਹੋਵੇਗੀ।ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਾਰੀਆਂ ਪ੍ਰਾਈਵੇਟ ਲੈਬਾਰਟਰੀਆਂ ਨੂੰ ਰੈਪਿਡ ਐਂਟੀਜ਼ਨ ਟੈਸਟਿੰਗ ਕਿਟਸ ਰਾਹੀਂ ਕੋਵਿਡ-19 ਸਬੰਧੀ ਟੈਸਟ ਦੇ ਰੇਟ ਨੂੰ ਬਾਹਰ ਬੋਰਡ ’ਤੇ ਲਗਾਉਣਾ ਚਾਹੀਦਾ ਹੈ। ਥੋਰੀ ਨੇ ਦੱਸਿਆ ਕਿ ਇਸ ਨਵੀਂ ਰੈਪਿਡ ਐਂਟੀਜ਼ਨ ਟੈਸਟਿੰਗ ਕਿਟਸ ਦੀ ਵਰਤੋਂ ਨਾਲ ਪਾਜ਼ੀਟਿਵ ਮਰੀਜ਼ ਦਾ ਜਲਦੀ ਪਤਾ ਲਗਾਇਆ ਜਾ ਸਕਦਾ ਹੈ ,ਕਿਉਂਕਿ ਇਸ ਕਿੱਟਸ ਦੀ ਵਰਤੋਂ ਨਾਲ 30 ਮਿੰਟ ਵਿੱਚ ਟੈਸਟ ਦਾ ਨਤੀਜਾ ਪ੍ਰਾਪਤ ਹੋ ਜਾਂਦਾ ਹੈ।