ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਨਾਲ ਨਾਲ ਕਲਾਵਾਂ, ਕਲਾ ਰਸੀਆਂ ਅਤੇ ਮਾਰਗ ਦਰਸ਼ਕਾਂ ਨੂੰ ਵੀ ਯਾਦ ਰੱਖਦਾ ਹੈ। ਇਸੇ ਲੜੀ ਵਿਚ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਤਹਿਤ ਚੱਲ ਰਹੇ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਅਧਿਐਨ ਕੇਂਦਰ ਵੱਲੋਂ ਪੰਜਾਬੀ ਨਾਟ ਮੰਚ ਦੀ ਜਨਮਦਾਤੀ ਨੌਰਾ ਰਿਚਰਡ ਦਾ 150ਵਾਂ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਉੱਘੇ ਰੰਗਕਰਮੀ ਅਤੇ ਨਿਰਦੇਸ਼ਕ ਸਰਦਾਰਜੀਤ ਬਾਵਾ ਮੁੱਖ ਵਕਤਾ ਵਜੋਂ ਪਹੁੰਚੇ । ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਡਾ ਗੋਪਾਲ ਸਿੰਘ ਬੁੱਟਰ ਅਤੇ ਡਾ. ਹਰਜਿੰਦਰ ਸਿੰਘ ਸੇਖੋਂ ਨੇ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ ਸਮਰਾ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਵਿਭਾਗ ਦਾ ਇਹ ਬਹੁਤ ਚੰਗਾ ਉਪਰਾਲਾ ਹੈ ਕਿ ਉਹ ਨਾਟਕ ਦੀ ਨੱਕੜਦਾਦੀ ਨੌਰਾ ਰਿਚਰਡ ਦਾ 150ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਤੋਂ 150 ਸਾਲ ਪਹਿਲਾਂ ਆਇਰਲੈਂਡ ਦੀ ਧਰਤੀ ‘ਤੇ ਪੈਦਾ ਹੋਣ ਵਾਲੀ ਲੇਡੀ ਨੌਰਾ ਨੂੰ ਪੰਜਾਬੀ ਨਾਟਕ ਦੀ ਜਨਮਦਾਤੀ ਹੋਣ ਦਾ ਮਾਣ ਹਾਸਲ ਹੋਇਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਨਾਟਕ ਸੌ ਤੋਂ ਵਡੇਰੀ ਉਮਰ ਦਾ ਹੋ ਗਿਆ ਹੈ, ਜਿਸ ਦਾ ਸਿਹਰਾ ਨੌਰਾ ਰਿਚਰਡ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅੱਜ ਦੇ ਮੁੱਖ ਵਕਤਾ ਸਰਦਾਰਜੀਤ ਬਾਵਾ ਕੋਲੋਂ ਨੌਰਾ ਰਿਚਰਡ ਅਤੇ ਪੰਜਾਬੀ ਨਾਟਕ ਬਾਰੇ ਵੱਧ ਤੋਂ ਵੱਧ ਗਿਆਨ ਹਾਸਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਹਨ। ਡਾ. ਗੋਪਾਲ ਸਿੰਘ ਬੁੱਟਰ ਨੇ ਇਸ ਮੌਕੇ ਨੋਰਾ ਰਿਚਰਡ ਤੋਂ ਪਹਿਲਾਂ ਦੇ ਪੰਜਾਬੀ ਨਾਟਕ ‘ਤੇ ਚਾਨਣਾ ਪਾਇਆ। ਉਨ੍ਹਾਂ ਇਹ ਵੀ ਦੱਸਿਆ ਕਿ 1912-13 ਵਿਚ ਈਸ਼ਵਰ ਚੰਦਰ ਨੰਦਾ ਅਤੇ ਹੋਰ ਵਿਦਿਆਰਥੀਆਂ ਨੂੰ ਪੰਜਾਬੀ ਨਾਟਕ ਪੰਜਾਬੀ ਵਿੱਚ ਨਾਟਕ ਲਿਖਣ ਲਈ ਪ੍ਰੇਰਿਆ । ਇਸ ਸਦਕਾ 1913 ਵਿੱਚ ਪਹਿਲਾ ਨਾਟਕ ਦੁਲਹਨ ਹੋਂਦ ਵਿੱਚ ਆਇਆ, ਜੋ ਕਿ ਰੰਗਮੰਚ ਦੀਆਂ ਲੋੜਾਂ ਦੇ ਅਨੁਸਾਰ ਸੀ। ਉਨ੍ਹਾਂ ਪੰਜਾਬੀ ਨਾਟਕ ਦੇ ਮੁੱਢਲੇ ਇਤਿਹਾਸ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ । ਮੁੱਖ ਵਕਤਾ ਸਰਦਾਰਜੀਤ ਬਾਵਾ ਨੇ ਨੌਰਾ ਰਿਚਰਡ ਦੇ ਪੰਜਾਬ ਵਿੱਚ ਆਉਣ ਤੋਂ ਲੈ ਕੇ ਪੰਜਾਬੀ ਨਾਟਕ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੌਰਾ ਰਿਚਰਡ ਦੇ ਹਵਾਲੇ ਨਾਲ ‘ਸ਼ਖ਼ਸੀਅਤ’ ਦੇ ਵਿਕਾਸ ਵਿਚ ਪ੍ਰਤੀਬੱਧਤਾ ਦੇ ਮੁੱਖ ਯੋਗਦਾਨ ਬਾਰੇ ਵਿਚਾਰ ਪੇਸ਼ ਕੀਤੇ । ਉਨ੍ਹਾਂ ਦੱਸਿਆ ਕਿ ਨੌਰਾ ਰਿਚਰਡ ਦੀ ਪੰਜਾਬੀ ਨਾਟਕ ਤੇ ਰੰਗਮੰਚ ਨੂੰ ਦੇਣ ਸਦਕਾ ਹੀ ਅੱਜ ਪੰਜਾਬੀ ਥੀਏਟਰ ਵਿਸ਼ਵ ਪੱਧਰੀ ਹੋ ਸਕਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਆਪਣੀ ਧਰਤੀ, ਸਾਹਿਤ, ਸੱਭਿਆਚਾਰ, ਭਾਸ਼ਾ ਤੇ ਕਲਾਵਾਂ ਤੇ ਮਾਣ ਹੋਣਾ ਚਾਹੀਦਾ ਹੈ। ਇਸ ਮੌਕੇ ਡਾ ਸੁਰਿੰਦਰਪਾਲ ਮੰਡ ਅਤੇ ਪ੍ਰੋ ਕੁਲਦੀਪ ਸੋਢੀ ਨੇ ਅੰਧਰੇਟੇ ਵਿਖੇ ਬਣੇ ਨੌਰਾ ਰਿਚਰਡ ਦੇ ਘਰ ਬਾਰੇ ਅਤੇ ਉਥੇ ਕਲਾਕਾਰਾਂ ਵਾਸਤੇ ਬਣਾਏ ਕਲਾ ਸਥਾਨਾਂ ਸੰਬੰਧੀ ਵਿਸਥਾਰ ਸਹਿਤ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਵੀ ਹਾਜ਼ਰ ਸਨ ।