ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰਦੇ ਹਨ। ਇਸੇ ਲੜੀ ਵਿਚ ਕਾਲਜ ਦੇ ਖਿਡਾਰੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬਾਸਕਿਟਬਾਲ ਦੀ ਅੰਤਰ ਕਾਲਜ ਚੈਂਪੀਅਨਸ਼ਿਪ ਟਰਾਫੀ ਜਿੱਤ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ‘ਤੇ ਡਾ. ਸਿਮਰਨਜੀਤ ਸਿੰਘ ਬੈਂਸ, ਡੀਨ ਸਪੋਰਟਸ, ਸਮੂਹ ਅਧਿਆਪਕਾਂ ਤੇ ਵਿਦਿਆਰਥੀ ਖਿਡਾਰੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਨੇ ਨਾਕ ਆਊਟ ਮੈਚਾਂ ਸਮੇਤ ਚੈਂਪੀਅਨਸ਼ਿਪ ਦੇ ਸਾਰੇ ਹੀ ਮੈਚ ਜਿੱਤੇ। ਉਨ੍ਹਾਂ ਦੱਸਿਆ ਕਿ ਸਾਡੇ ਖਿਡਾਰੀਆਂ ਨੇ ਪਹਿਲਾ ਮੈਚ ਡੀਏਵੀ ਕਾਲਜ ਜਲੰਧਰ ਕੋਲੋਂ 36 ਅੰਕਾਂ ਦੇ ਮੁਕਾਬਲੇ 70 ਅੰਕਾਂ ਨਾਲ ਜਿੱਤਿਆ, ਦੂਸਰਾ ਮੈਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕੋਲੋਂ 40 ਅੰਕਾਂ ਦੇ ਮੁਕਾਬਲੇ 84 ਅੰਕਾਂ ਨਾਲ ਜਿੱਤਿਆ। ਇਸੇ ਤਰ੍ਹਾਂ ਤੀਸਰਾ ਮੈਚ ਖ਼ਾਲਸਾ ਕਾਲਜ ਅੰਮ੍ਰਿਤਸਰ ਕੋਲੋਂ 65 ਦੇ ਮੁਕਾਬਲੇ ‘ਤੇ 75 ਅੰਕਾਂ ਨਾਲ ਜਿੱਤਿਆ। ਜਦ ਕਿ ਚੌਥਾ ਮੈਚ ਡੀਏਵੀ ਕਾਲਜ ਅੰਮ੍ਰਿਤਸਰ ਕੋਲੋਂ 43 ਦੇ ਮੁਕਾਬਲੇ 70 ਅੰਕਾਂ ਨਾਲ ਜਿੱਤਿਆ। ਉਨ੍ਹਾਂ ਦੱਸਿਆ ਕਿ ਫਾਈਨਲ ਅਤੇ ਫ਼ੈਸਲਾਕੁੰਨ ਮੈਚ ਐੱਸ.ਐੱਸ.ਐੱਨ. ਕਾਲਜ ਦੀਨਾਨਗਰ ਨਾਲ ਖੇਡਿਆ ਗਿਆ। ਜਿਸ ਵਿੱਚ ਬਹੁਤ ਸਖ਼ਤ ਮੁਕਾਬਲੇ ਵਿੱਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ 65 ਦੇ ਮੁਕਾਬਲੇ 70 ਅੰਕ ਪ੍ਰਾਪਤ ਕਰਕੇ ਇਹ ਮੈਚ ਆਪਣੇ ਨਾਂ ਕਰ ਲਿਆ। ਉਨ੍ਹਾਂ ਇਸ ਮੌਕੇ ਕੋਚ ਸਰਬਜੀਤ ਸਿੰਘ ਸਾਬੀ ਨੂੰ ਵੀ ਵਧਾਈ ਦਿੱਤੀ ਅਤੇ ਦੱਸਿਆ ਕਿ ਸਾਡੇ ਖਿਡਾਰੀਆਂ ਨੇ ਆਪਣੇ ਕੋਚ ਦੀ ਦੇਖ ਰੇਖ ਵਿੱਚ ਬਹੁਤ ਸਖ਼ਤ ਮਿਹਨਤ ਕੀਤੀ ਸੀ, ਜਿਸ ਸਦਕਾ ਕਾਲਜ ਨੇ ਇਹ ਚੈਂਪੀਅਨਸ਼ਿਪ ਜਿੱਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖਿਡਾਰੀਆਂ ਉੱਤੇ ਬਹੁਤ ਮਾਣ ਹੈ, ਜਿਨ੍ਹਾਂ ਦੀ ਬਦੌਲਤ ਕਾਲਜ ਨੇ 24 ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੰਦਰੀ ਸਪੋਰਟਸ ਟਰਾਫ਼ੀ ਜਿੱਤ ਕੇ ਇਕ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਮੁਫਤ ਹੋਸਟਲ, ਖਾਣਾ ਅਤੇ ਸਪੈਸ਼ਲ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਮੌਕੇ ਸਪੋਰਟਸ ਵਿਭਾਗ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।