ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਵਿੱਦਿਆ, ਖੇਡਾਂ, ਕਲਚਰਲ ਅਤੇ ਖੋਜ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਵਿਸ਼ੇਸ਼ ਪ੍ਰਾਪਤੀਆਂ ਕਰ ਰਹੇ ਹਨ। ਇਸੇ ਲੜੀ ਤਹਿਤ ਕਾਲਜ ਦੇ ਕਾਮਰਸ ਵਿਭਾਗ ਦੀ ਵਿਦਿਆਰਥਣ ਨਿਸ਼ੂ ਅਰੋੜਾ ਨੇ ਮਈ 2019 ਵਿੱਚ ਹੋਈ ਸੀ.ਏ. ਦੀ ਪ੍ਰੀਖਿਆ ਪਾਸ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥਣ ਨਿਸ਼ੂ ਅਰੋੜਾ ਨੂੰ ਵਧਾਈ ਦਿੱਤੀ ਅਤੇ ਕਾਮਰਸ ਦੇ ਖੇਤਰ ਵਿੱਚ ਮਿਹਨਤ ਅਤੇ ਲਗਨ ਨਾਲ ਆਪਣੀਆਂ ਸੇਵਾਵਾਂ ਦੇਣ ਲਈ ਕਿਹਾ। ਉਹਨਾ ਕਿਹਾ ਕਿ ਅਜੋਕਾ ਯੁੱਗ ਵਿੱਤੀ ਖੇਤਰ ਅਤੇ ਬਿਜਨਸ ਦੇ ਖੇਤਰ ਲਈ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ। ਇਸ ਲਈ ਸਾਨੂੰ ਮਾਣ ਹੈ ਕਿ ਸਾਡੇ ਕਾਲਜ ਦੇ ਵਿਦਿਆਰਥੀ ਸੀ.ਏ. ਵਰਗੀਆਂ ਸਖ਼ਤ ਮਿਹਨਤ ਵਾਲੀਆਂ ਪ੍ਰੀਖਿਆਵਾਂ ਪਾਸ ਕਰਕੇ ਇਸ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਹਨਾ ਕਿਹਾ ਕਿ ਕਾਲਜ ਦੇ ਕਾਮਰਸ ਵਿਭਾਗ ਦੇ ਅਧਿਆਪਕ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਤਿਆਰ ਕਰ ਰਹੇ ਹਨ। ਇਸ ਵਾਸਤੇ ਸਮੂਹ ਅਧਿਆਪਕ ਸਾਹਿਬਾਨ ਵੀ ਵਧਾਈ ਦੇ ਪਾਤਰ ਹਨ। ਇਸ ਮੌਕੇ ਡਾ. ਰਸ਼ਪਾਲ ਸਿੰਘ ਸੰਧੂ, ਮੁਖੀ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਅਤੇ ਪ੍ਰੋ. ਮਨੀਸ਼ ਗੋਇਲ ਵੀ ਹਾਜ਼ਰ ਸਨ।