ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਰਹਿੰਦਾ ਹੈ। ਅਕਾਦਮਿਕ ਸਿੱਖਿਆ, ਖੇਡਾਂ, ਖੋਜ, ਸਾਹਿਤਕ ਤੇ ਕਲਚਰਲ ਖੇਤਰ ਵਿੱਚ ਸੇਵਾਵਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਮੀਡੀਆ ਅਤੇ ਅਦਾਕਾਰੀ ਦੇ ਖੇਤਰ ਵਿੱਚ ਵਿਸ਼ੇਸ਼ ਮੌਕੇ ਦੇਣ ਲਈ ਇਹ ਕਾਲਜ ਜਾਣਿਆ ਜਾਂਦਾ ਹੈ। ਇਸੇ ਕੜੀ ਵਿੱਚ ਕਾਲਜ ਦੀਆਂ ਵਿਦਿਆਰਥਣ ਮੁਟਿਆਰਾਂ ਦੇ ਫੈਸ਼ਨ ਸ਼ੋਅ, ਫੈਸ਼ਨ ਫੀਸਟਾ ਮਿਸ ਐਲ.ਕੇ.ਸੀ. 2019 ਦਾ ਆਯੋਜਨ ਕੀਤਾ ਗਿਆ। ਇਸ ਵਿਚ ਸ੍ਰੀ ਬਲਦੇਓ ਪੁਰਸ਼ਾਰਥਾ ਆਈ.ਏ.ਐਸ, ਕਮਿਸ਼ਨਰ ਜਲੰਧਰ ਡਿਵੀਜ਼ਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਦਾ ਸੁਆਗਤ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਗੁਲਦਸਤੇ ਦੇ ਕੇ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬੋਲਦਿਆਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੇ ਹਾਣੀ ਬਣਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦਾ ਹੈ। ਅਜੋਕਾ ਯੁੱਗ ਇੰਟਰਨੈੱਟ ਅਤੇ ਮੀਡੀਆ ਦਾ ਯੁੱਗ ਹੈ। ਅੰਤਰ ਰਾਸ਼ਟਰੀ ਪੱਧਰ ’ਤੇ ਮੀਡੀਆ, ਅਦਾਕਾਰੀ ਤੇ ਸੰਗੀਤ ਵੱਡੇ ਪਲੈਟਫਾਰਮ ਵਜੋਂ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ, ਇਸੇ ਮਕਸਦ ਤਹਿਤ ਇਸ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਇਸ ਫੈਸ਼ਨ ਸ਼ੋਅ ਵਿੱਚ ਭਾਗ ਲੈਣ ਵਾਲੀਆਂ ਪ੍ਰਤੀਭਾਗੀ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਸ੍ਰੀ ਬੀ. ਪੁਰਸ਼ਾਰਥਾ ਨੇ ਵਿਦਿਆਰਥੀਆਂ ਦੇ ਪੜ੍ਹਾਈ ਦੇ ਨਾਲ ਨਾਲ ਇਸ ਮੌਡਲਿੰਗ ਦੇ ਹੁਨਰ ਦੀ ਪ੍ਰਸੰਸਾ ਕੀਤੀ ਅਤੇ ਕਾਲਜ ਨੂੰ ਅਜਿਹੇ ਸਮਾਗਮ ਉਲੀਕ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਕਰਨ ਵਿੱਚ ਵਿਸ਼ੇਸ਼ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਫੈਸ਼ਨ ਸ਼ੋਅ ਵਿਚ ਵਿਦਿਆਰਥਣ ਮੁਟਿਆਰਾਂ ਨੇ ਉਤਸਾਹ ਨਾਲ ਵੱਧ ਚੜ੍ਹ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿਚੋਂ ਵਿਦਿਆਰਥਣ ਸਵੇਤਾ ਨੇ ਮਿਸ ਐਲ.ਕੇ.ਸੀ.-2019 ਦਾ ਖਿਤਾਬ ਜਿੱਤਿਆ ਜਦਕਿ ਫਸਟ ਰੱਨਰ ਅੱਪ ਨੀਤੀਕਾ ਅਤੇ ਸੈਕੰਡ ਰੱਨਰ ਅਪ ਅੰਜਲੀ ਨੂੰ ਘੋਸ਼ਿਤ ਕੀਤਾ ਗਿਆ। ਸਮਾਗਮ ਦੌਰਾਨ ਜੱਜਾਂ ਦੀ ਵਿਸ਼ੇਸ਼ ਭੂਮਿਕਾ ਮਿਸਿਜ ਅੰਸ਼ੂ ਮੌਗਾਂ, ਡਾਇਰੈਕਟਰ ਇਨਿਫਡ; ਸ. ਜਸਮੇਰ ਸਿੰਘ ਢੱਟ, ਫਾਊਂਡਰ ਤੇ ਚੇਅਰਮੈਨ ਡਾਇਰੈਕਟਰ ਇੰਟਰਨੈਸ਼ਨਲ ਐਕਸਕਲੂਸਿਵ ਬਿਊਟੀ ਪੇਜੀਐਂਟ ਮਿਸ ਵਰਲਡ ਪੰਜਾਬਣ ਅਤੇ ਪ੍ਰਸਿੱਧ ਮਾਡਲ ਤੇ ਅਦਾਕਾਰਾ ਮਿਸ ਚਰਨਪ੍ਰੀਤ ਕੌਰ ਸਾਬਕਾ ਮਿਸਿਜ ਨੌਰਥ ਇੰਡੀਆ ਨੇ ਬਾਖੂਬੀ ਨਿਭਾਈ। ਪ੍ਰੋ. ਨਵਦੀਪ ਕੌਰ, ਮੁੱਖੀ ਇਕਨਾਮਿਕਸ ਵਿਭਾਗ ਨੇ ਫੈਸ਼ਨ ਸ਼ੋਅ ਦੇ ਕੰਨਵੀਨਰ ਵਜੋਂ ਆਪਣੀ ਸਮੂਚੀ ਟੀਮ ਸਮੇਤ ਵਿਸ਼ੇਸ਼ ਭੂਮਿਕਾ ਨਿਭਾਈ। ਡਾ. ਉਪਮਾ ਅਰੋੜਾ ਨੇ ਮੰਚ ਸੰਚਾਲਨ ਬਾਖੂਬੀ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਸਾਹਿਬਾਨ ਹਾਜ਼ਰ ਸਨ।