ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ “ਇੰਟੈਗਰਿਟੀ-ਏ ਵੇ ਆਫ਼ ਲਾਈਫ” ਮੌਕੇ ਰੈਲੀ ਅਤੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਇਸ ਰੈਲੀ ਦਾ ਆਰੰਭ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਕਾਲਜ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ਕੀਤਾ ਗਿਆ। ਇਸ ਮੌਕੇ ਤੇ ਮੁੱਖ ਬੁਲਾਰੇ ਸ਼੍ਰੀ ਰਾਜੀਵ ਸ਼ਰਮਾ, ਜਲੰਧਰ ਏਰੀਆ ਅਫ਼ਸਰ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਕਾਲਜ ਪ੍ਰਿੰਸੀਪਲ ਡਾ. ਸਮਰਾ ਵਲੋਂ ਸਵਾਗਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਕਿ ਸਾਡੇ ਕਾਲਜ ਦਾ ਫ਼ਰਜ ਹੈ ਕਿ ਵਿਦਿਆਰਥੀਆਂ ਨੂੰ ਹਰ ਸਮਾਜਕ ਮੁੱਦੇ ਬਾਰੇ ਜਾਗਰੂਕ ਕੀਤਾ ਜਾਵੇ, ਅਤੇ ਵਿਦਿਆਰਥੀ ਇਹ ਸੁਨੇਹੇ ਸਮਾਜ ਵਿੱਚ ਆਪਣੇ ਨਾਲ ਲੈ ਕੇ ਜਾਣ ਅਤੇ ਸੁਚੱਜਾ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਮੁੱਖ ਬੁਲਾਰੇ ਸ਼੍ਰੀ ਰਾਜੀਵ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੁਚੱਜਾ ਸਮਾਜ ਸਿਰਜਣ ਲਈ ਇਮਾਨਦਾਰੀ ਅਤੇ ਸੋਸ਼ਲ ਮੀਡੀਆ ਦੇ ਚੰਗੇ-ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਬੜੇ ਭਾਵਪੂਰਤ ਤਰੀਕੇ ਨਾਲ ਦਿੱਤਾ। ਇਸ ਮੌਕੇ ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਨੂੰ ਧਾਰਨ ਕਰਨ, ਇਮਾਨਦਾਰੀ ਨਾਲ ਸੁਚੱਜਾ ਸਮਾਜ ਸਿਰਜਣ ਲਈ ਸਹੁੰ ਵੀ ਚੁਕਾਈ ਗਈ। ਵਿਦਿਆਰਥੀਆਂ ਦੁਆਰਾ ਕੱਢੀ ਗਈ ਰੈਲੀ ਦੌਰਾਨ “ਭ੍ਰਿਸ਼ਟਾਚਾਰ ਮੁਕਾਵਾਗੇ ਇਮਾਨਦਾਰੀ ਫੈਲਾਵਗੇ” ਦਾ ਨਾਅਰਾ ਵੀ ਦਿੱਤਾ ਗਿਆ। ਇਸ ਮੌਕੇ ਪ੍ਰੋ. ਪ੍ਰਭਦਿਆਲ ਡੀਨ ਸਟੂਡੈਂਟ ਵੈਲਫੇਅਰ, ਪ੍ਰੋ. ਹਰਜੀਤ ਸਿੰਘ ਅਤੇ ਪ੍ਰੋ. ਕੁਲਦੀਪ ਸੋਢੀ ਵੀ ਹਾਜ਼ਰ ਸਨ।