ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਦਿਆ,ਖੋਜ, ਕਲਚਰਲ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ’ਤੇ ਜਾਣਿਆ ਜਾਂਦਾ ਹੈ। ਕਲਚਰਲ ਖੇਤਰ ਵਿੱਚ ਪ੍ਰਾਪਤੀਆਂ ਦਾ ਸਫਰ ਜ਼ਾਰੀ ਰੱਖਦਿਆਂ ਸੰਗੀਤ ਵਿਭਾਗ ਦੇ ਵਿਦਿਆਰਥੀ ਮੀਤ ਗਿੱਲ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗੀਤਕ ਗੀਤ ਟੈ੍ਰਕ ‘ਦਾਤਿਆ ਧੰਨਵਾਦ ਤੇਰਾ’ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਪੇਸ਼ ਕੀਤਾ ਹੈ। ਜਿਸ ਦਾ ਸੰਗੀਤ ਆਰ.ਕੇ. ਪ੍ਰੀਤ ਹੈਰੀ ਨੇ ਦਿੱਤਾ ਹੈ। ਇਹ ਟੈ੍ਰਕ ਕਾਲਜ ਵਿਖੇ ਰਿਲੀਜ਼ ਕਰਦਿਆਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਗਾਇਕ ਮੀਤ ਗਿੱਲ ਅਤੇ ਵਿਭਾਗ ਦੇ ਮੁਖੀ ਪ੍ਰੋ. ਸੁਖਦੇਵ ਸਿੰਘ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਸੰਗੀਤਕ ਖੇਤਰ ਵਿੱਚ ਸਮਾਜ ਨੂੰ ਆਪਣੀਆਂ ਵਿਲੱਖਣ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਇਹ ਟੈ੍ਰਕ ਲਾਇਲਪੁਰ ਖ਼ਾਲਸਾ ਕਾਲਜ ਵੱਲੋਂ ਗੁਰੂ ਜੀ ਨੂੰ ਸੱਚੀ ਭੇਂਟ ਹੈ। ਇਸ ਮੌਕੇ ਉਹਨਾਂ ਵਿਦਿਆਰਥੀ ਕਲਾਕਾਰ ਨੂੰ ਸੰਗੀਤਕ ਸਫਰ ਜ਼ਾਰੀ ਰੱਖਦਿਆਂ ਆਪਣੀ ਗਾਇਕੀ ਨੂੰ ਹੋਰ ਬੁਲੰਦੀਆਂ ’ਤੇ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਤਰਸੇਮ ਸਿੰਘ, ਪ੍ਰੋ. ਪਲਵਿੰਦਰ ਸਿੰਘ ਅਤੇ ਪ੍ਰੋ. ਰੁਪਾਲੀ ਵੀ ਹਾਜ਼ਰ ਸਨ।