ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇੰਟਰ-ਜ਼ੋਨਲ ਯੁਵਕ ਮੇਲਾ ਮਿਤੀ 16 ਨਵੰਬਰ ਤੋਂ 19 ਨਵੰਬਰ 2019 ਤੱਕ ਕਰਵਾਇਆ ਜਾ ਰਿਹਾ ਹੈ। ਇਸ ਯੁਵਕ ਮੇਲੇ ਵਿੱਚ ਯੂਨੀਵਰਸਿਟੀ ਨਾਲ ਸੰਬੰਧਤਾ ਪ੍ਰਾਪਤ ਕਾਲਜਾਂ ਦੇ ਪਿਛਲੇ ਦਿਨੀਂ ਹੋੲ ਵੱਖ-ਵੱਖ ਜ਼ੋਨਾਂ ਦੇ ਜ਼ੋਨਲ ਯੁਵਕ ਮੇਲਿਆਂ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ 35 ਕਾਲਜਾਂ ਦੇ 1000 ਵਿਦਿਆਰਥੀ ਕਲਾਕਾਰ ਆਪਣੀ ਕਲਾ-ਪ੍ਰਤਿਭਾ ਦੀ ਪੇਸ਼ਕਾਰੀ ਕਰਨਗੇ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇੰਟਰ-ਜ਼ੋਨਲ ਯੁਵਕ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੁਵਕ ਮੇਲੇ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਵੱਖ-ਵੱਖ ਆਈਟਮਾਂ ਦੀ ਪੇਸ਼ਕਾਰੀ ਲਈ ਚਾਰ ਸਟੇਜਾਂ ਤਿਆਰ ਕੀਤੀਆਂ ਗਈਆਂ ਹਨ। ਜਿਸ ਸੰਬੰਧੀ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦੀਆਂ ਡਿਉਟੀਆਂ ਲਗਾ ਦਿੱਤੀਆਂ ਗਈਆ ਹਨ। ਉਨ੍ਹਾਂ ਕਿਹਾ ਕਿ ਇੰਟਰ ਜ਼ੋਨਲ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਕਾਲਜਾਂ ਨੂੰ ਕਮਰੇ ਆਦਿ ਅਲਾਟ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਯੁਵਕ ਮੇਲਾ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੀਆਂ ਹਦਾਇਤਾਂ ਅਤੇ ਨਿਯਮਾਂ ਅਨੁਸਾਰ ਕਰਵਾਇਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਇਹ ਯੁਵਕ ਮੇਲਾ ਖੁੱਲੇ ਅਤੇ ਚੰਗੇ-ਮੋਕਲੇ ਵਾਤਾਵਰਨ ਵਿੱਚ ਕਰਵਾਇਆ ਜਾਵੇਗਾ ਤਾਂ ਕਿ ਸਾਰੇ ਕਾਲਜਾਂ ਦੇ ਅਧਿਆਪਕ ਤੇ ਵਿਦਿਆਰਥੀ ਇੱਕ ਵਿਲੱਖਣ ’ਤੇ ਵਧੀਆ ਅਨੁਭਵ ਲੈ ਕੇ ਜਾਣ।ਉਨਾਂ ਇਸ ਮੌਕੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਸਿਧਾਂਤ ਅਨੁਸਾਰ ਸਾਨੂੰ ਕਿਰਤ ਕਰਨ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਲਈ ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸੱਚ ਦੇ ਮਾਰਗ ’ਤੇ ਚੱਲਦੇ ਹੋਏ ਮਿਹਨਤ ਤੇ ਲਗਨ ਨਾਲ ਆਪਣੀ ਪੇਸ਼ਕਾਰੀ ਦੇਣੀ ਚਾਹੀਦੀ ਹੈ। ਇਸ ਮੌਕੇ ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਮਾਮਲੇ, ਡਾ. ਤਰਸੇਮ ਸਿੰਘ ਕਨਵੀਨਰ ਯੂਥ ਫੈਸਟੀਵਲ, ਪ੍ਰੋ. ਅਰੁਣਜੀਤ ਕੌਰ, ਡਾ. ਹਰਜੀਤ ਸਿੰਘ ਅਤੇ ਡਾ. ਸੁਮਨ ਚੋਪੜਾ ਤੋਂ ਇਲਾਵਾ ਵੱਖ-ਵੱਖ ਕਮੇਟੀਆਂ ਅਤੇ ਟੀਮਾਂ ਦੇ ਇੰਚਾਰਜ ਸਾਹਿਬਾਨ ਹਾਜ਼ਰ ਸਨ।