ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਟਰ-ਜ਼ੋਨਲ ਯੁਵਕ ਮੇਲੇ ਵਿੱਚ ਓਵਰਆਲ ਟ੍ਰਾਫ਼ੀ ਜਿੱਤਣ ’ਤੇ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੇ ਇੰਚਾਰਜ ਸਾਹਿਬਾਨ ਅਤੇ ਵਿਦਿਆਰਥੀਆਂ ਸਮੇਤ ਓਵਰਆਲ ਟ੍ਰਾਫ਼ੀ ਜਿੱਤਣ ਦੀ ਖੁਸ਼ੀ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਿਲ ਨਾਲ ਸਾਂਝੀ ਕੀਤੀ ਅਤੇ ਉਹਨਾਂ ਨੂੰ ਇਹ ਟ੍ਰਾਫ਼ੀ ਸੌਂਪੀ। ਇਸ ਮੌਕੇ ਸਰਦਾਰਨੀ ਬਲਬੀਰ ਕੌਰ ਨੇ ਪ੍ਰਿੰਸੀਪਲ ਡਾ. ਸਮਰਾ, ਟੀਮ ਇੰਚਾਰਜ ਅਤੇ ਜੇਤੂ ਵਿਦਿਆਰਥੀਆਂ ਨੂੰ ਇੰਟਰ-ਜ਼ੋਨਲ ਓਵਰਆਲ ਟ੍ਰਾਫ਼ੀ ਜਿੱਤਣ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਾਡੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਲਗਨ ਸਦਕਾ ਕਾਲਜ ਨੇ ਇਹ ਟ੍ਰਾਫ਼ੀ ਜਿੱਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਵਿਕਾਸ ਲਈ ਅਸੀਂ ਹਮੇਸ਼ਾਂ ਵਚਨਬਧ ਹਾਂ। ਉਹਨਾਂ ਗਵਰਨਿੰਗ ਕੌਂਸਿਲ ਦੁਆਰਾ ਕਾਲਜ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ। ਪ੍ਰਿੰਸੀਪਲ ਡਾ. ਸਮਰਾ ਨੇ ਕਾਲਜ ਗਵਰਨਿੰਗ ਕੌਂਸਿਲ ਦੁਆਰਾ ਦਿੱਤੇ ਭਰਪੂਰ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਕਾਲਜ ਨੇ ਇੰਟਰ ਜ਼ੋਨਲ ਯੁਵਕ ਮੇਲੇ ਵਿੱਚ 15 ਆਈਟਮਾਂ ਵਿੱਚ ਪਹਿਲਾ ਸਥਾਨ, 4 ਵਿੱਚ ਦੂਜਾ ਸਥਾਨ ਅਤੇ 1 ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਇਹ ਟ੍ਰਾਫ਼ੀ ਆਪਣੇ ਨਾਂ ਕੀਤੀ। ਉਨਾਂ ਕਿਹਾ ਕਿ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਮੇਲੇ ਵਿੱਚ ਕਾਲਜ ਨੇ ‘ਸੀ-ਜ਼ੋਨ’ ਦੀ ਫਸਟ ਰੱਨਰ ਅਪ ਟਰਾਫੀ ਜਿੱਤੀ ਸੀ। ਇਸ ਤੋਂ ਪਹਿਲਾਂ ਸਮੂਹ ਟੀਮ ਇੰਚਾਰਜ ਸਾਹਿਬਾਨ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਕਾਲਜ ਨੇ 2014-15 ਅਤੇ 2015-16 ਅਤੇ 2018-19 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜ਼ੋਨਲ ਯੂਥ ਫੈਸਟੀਵਲ ਵਿੱਚ ਓਵਰਆਲ ਟਰਾਫੀ ਜਿੱਤੀ ਅਤੇ ਸਾਲ 2016-17 ਅਤੇ 2017-18 ਵਿੱਚ ਫਸਟ ਰੱਨਰ ਅਪ ਟਰਾਫੀ ਜਿੱਤੀ। ਇਸ ਮੌਕੇ ਵੱਖ-ਵੱਖ ਆਈਟਮਾਂ ਦੇ ਇੰਚਾਰਜ ਸਾਹਿਬਾਨ, ਨਾਨ-ਟੀਚਿੰਗ ਅਮਲੇ ਅਤੇ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।