ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਨਵੇਂ ਵਿੱਦਿਅਕ ਸੈਸ਼ਨ 2019-20 ਦਾ ਸ਼ੁੱਭ ਆਰੰਭ
ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ
ਪਾਠ ਸਹਿਤ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਹੋਇਆ। ਇਸ ਮੌਕੇ ਕਾਲਜ ਦੀ ਗਵਰਨਿੰਗ
ਕੌਂਸਲ, ਪ੍ਰਿੰਸੀਪਲ, ਸਮੂਹ ਸਟਾਫ਼ੳਮਪ; ਅਤੇ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ
ਭਰੀ। ਪ੍ਰਸਿੱਧ ਹਜ਼ੂਰੀ ਰਾਗੀ ਭਾਈ ਸ਼ਮਸ਼ੇਰ ਸਿੰਘ (ਡਿਫੈਂਸ ਕਲੋਨੀ, ਜਲੰਧਰ) ਅਤੇ ਉਹਨਾਂ ਦੇ
ਰਾਗੀ ਜੱਥੇ ਨੇ ਗੁਰਬਾਣੀ ਦੇ ਸ਼ਬਦਾਂ ਨੂੰ ਆਪਣੀ ਰਸਭਿੰਨੀ ਆਵਾਜ਼ ਸੁਣਾ ਕੇ ਸੰਗਤਾਂ ਨੂੰ
ਨਿਹਾਲ ਕੀਤਾ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਾਇਲਪੁਰ
ਖ਼ਾਲਸਾ ਕਾਲਜ ਦੀ ਇਹ ਪਰੰਪਰਾ ਰਹੀ ਹੈ ਕਿ ਇਥੇ ਹਰ ਕੰਮ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ
ਲੈ ਕੇ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ
ਵਿੱਦਿਆ, ਖੇਡਾਂ, ਖੋਜ ਅਤੇ ਕਲਚਰਲ ਖੇਤਰ ਵਿੱਚ ਉੱਚ ਪ੍ਰਾਪਤੀਆਂ ਕੀਤੀਆ ਹਨ। ਪਰਮਾਤਮਾ ਦੇ
ਓਟ ਆਸਰੇ ਸਦਕਾ ਅਸੀਂ ਇਸ ਸਾਲ ਵੀ ਹਰ ਖੇਤਰ ਵਿੱਚ ਉੱਚ ਪ੍ਰਾਪਤੀਆਂ ਕਰਾਂਗੇ। ਉਨ੍ਹਾਂ ਕਿਹਾ
ਕਿ ਇਹ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਸਾਲ ਵੀ
ਅਸੀਂ ਗੁਰੂ ਜੀ ਦੀ ਵਿਚਾਰਧਾਰਾ ’ਤੇ ਪਹਿਰਾ ਦਿੰਦਿਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ
ਯਤਨਸ਼ੀਲ ਰਹਾਂਗੇ। ਉਹਨਾਂ ਦੱਸਿਆ ਕਿ ਅਜੋਕੇ ਸਮੇਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ
ਰੱਖਦੇ ਹੋਏ ਇਸ ਸਾਲ ਤੋਂ ਕਾਲਜ ਵਿੱਚ ਕਿੱਤਾ ਮੁਖੀ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ
ਭਵਿੱਖ ਵਿੱਚ ਹੋਰ ਨਵੇਂ ਕੋਰਸ ਵੀ ਚਲਾਏ ਜਾਣਗੇ। ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਦੇ ਹੋਏ
ਕਿਹਾ ਕਿ ਉਹਨਾਂ ਨੂੰ ਪੜ੍ਹਾਈ, ਖੇਡਾਂ, ਖੋਜ ਅਤੇ ਕਲਚਰਲ ਖੇਤਰ ਵਿੱਚ ਮਿਹਨਤ ਕਰਕੇ ਆਪਣਾ,
ਆਪਣੇ ਮਾਪਿਆਂ ਦਾ ਅਤੇ ਕਾਲਜ ਦਾ ਨਾਂ ਰੌਸ਼ਨ ਕਰਨ। ਉਹਨਾਂ ਕਿਹਾ ਕਿ ਅਧਿਆਪਕਾਂ ਅਤੇ
ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਸਦਕਾ ਹੀ ਇਸ ਕਾਲਜ ਦੇ ਵਿਦਿਆਰਥੀ ਗੁਰੂ ਨਾਨਕ ਦੇਵ
ਯੂਨੀਵਰਸਿਟੀ ਦੀਆਂ ਮੈਰਿਟ ਪੁਜੀਸ਼ਨਾ ਹਾਸਲ ਕਰਦੇ ਹਨ। ਇਸੇ ਸਦਕਾ ਇਹ ਕਾਲਜ ਉੱਤਰੀ ਭਾਰਤ ਦੀ
ਸਿਰਮੌਰ ਵਿੱਦਿਅਕ ਸੰਸਥਾ ਵਜੋਂ ਸਥਾਪਿਤ ਹੋਇਆ ਹੈ। ਇਸ ਮੌਕੇ ਗਵਰਨਿੰਗ ਕੌਂਸਲ ਦੇ
ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਸਮੂਹ
ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਇਸ ਸਮੇਂ ਮੰਚ ਸੰਚਾਲਨ ਦੀ ਸੇਵਾ ਡਾ.
ਹਰਜਿੰਦਰ ਸਿੰਘ ਸੇਖੋਂ ਨੇ ਨਿਭਾਈ।