ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪੜ੍ਹਾਈ ਦੇ ਨਾਲ ਨਾਲ ਸਮਾਜ ਸੇਵਾ ਅਤੇ ਜਨਹਿੱਤ ਦੇ
ਕੰਮ ਕਰਨ ਲਈ ਵੀ ਜਾਣਿਆਂ ਜਾਂਦਾ ਹੈ। ਜਦੋਂ ਵੀ ਕਿਤੇ ਸਮਾਜਕ ਆਰਥਿਕ ਸੰਕਟ ਆਇਆ ਹੈ ਤਾਂ
ਇਸ ਸੰਸਥਾ ਨੇ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਇਆ ਹੈ। ਇਸੇ ਤਹਿਤ ਪਿਛਲੇ ਲੰਮੇਂ
ਸਮੇਂ ਤੋਂ ਹਿੰਦੋਸਤਾਨ, ਕਿਸਾਨ ਤੇ ਕਿਸਾਨੀ ਦੇ ਹਿੱਤਾਂ ਦੀ ਰਾਖੀ ਲਈ ਕਿਸਾਨਾਂ ਵਲੋਂ ਚਲਾਏ
ਜਾ ਰਹੇ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ-
ਟੀਚਿੰਗ ਸਟਾਫ਼, ਵਿਦਿਆਰਥੀਆਂ ਅਤੇ ਪੀ.ਸੀ.ਸੀ.ਟੀ ਯੂ ਨੇ ਸਾਂਝੇ ਤੌਰ ’ਤ ਦੋ ਲੱਖ ਇਕਵੰਜਾ ਹਜ਼ਾਰ
ਰੁਪਏ ਦੀ ਵਿੱਤੀ ਸਹਾਇਤਾ ਖ਼ਾਲਸਾ ਏਡ ਨੂੰ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ
ਸਿੰਘ ਸਮਰਾ ਨੇ ਕਿਹਾ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਇਥੋਂ ਦੇ ਲੋਕਾਂ ਦਾ ਮੁੱਖ
ਧੰਦਾ ਹੀ ਖੇਤੀਬਾੜੀ ਰਿਹਾ ਹੈ। ਖੇਤੀਬਾੜੀ ਧੰਦਾ ਹੋਣ ਦੇ ਨਾਲ ਨਾਲ ਸਾਡੇ ਦੇਸ਼ ਦੀ ਵਿਰਾਸਤ
ਵੀ ਹੈ। ਇਸ ਲਈ ਇਸ ਦੀ ਸਾਂਭ ਸੰਭਾਲ ਅਤੇ ਲੋਕਾਂ ਦਾ ਰੁਜ਼ਗਾਰ ਬਚਾਉਣ ਲਈ ਕਿਸਾਨ ਪਿਛਲੇ
ਲੰਮੇਂ ਸਮੇਂ ਤੋਂ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਹਮੇਸ਼ਾਂ ਹੀ
ਆਪਣੇ ਸਮਾਜ ਅਤੇ ਦੇਸ਼ ਦੀ ਸੇਵਾ ਲਈ ਤਿਆਰ ਰਹਿੰਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ
ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਦੇ ਅੰਨਦਾਤਾ ਦੇ ਦਿਲ ਦੀ ਆਵਾਜ਼ ਸੁਣਦੇ ਹੋਏ ਇਹ ਖੇਤੀ
ਸੰਬੰਧੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਅਤੇ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਆਵਾਜ਼
ਬੁਲੰਦ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੇ ਜਵਾਨ ਬੱਚੇ ਦੇਸ਼ ਦੀ
ਸਰਹੱਦਾਂ ’ਤੇ ਰਾਖੀ ਕਰਦੇ ਹਨ। ਇਸ ਲਈ ਦੇਸ਼ ਦੀ ਰਾਖੀ ਕਰ ਰਹੇ ਜਵਾਨਾਂ ਦੇ ਕਿਸਾਨ ਪਰਿਵਾਰਾਂ ਦੇ
ਹਿੱਤ ਵਿੱਚ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਹੈ। ਪ੍ਰਿੰਸੀਪਲ ਡਾ. ਸਮਰਾ ਅਤੇ ਖ਼ਾਲਸਾ ਏਡ ਨੇ
ਕਾਲਜ ਦੇ ਸਮੂਹ ਸਟਾਫ, ਪੀ.ਸੀ.ਸੀ.ਟੀ.ਯੂ. ਅਤੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਭਰਪੂਰ
ਸ਼ਲਾਘਾ ਕੀਤੀ। ਇਸ ਮੌਕੇ ਡਾ. ਐਸ.ਐਸ.ਬੈਂਸ ਪ੍ਰਧਾਨ ਪੀ.ਸੀ.ਸੀ.ਟੀ.ਯੂ., ਡਾ. ਬਲਦੇਵ ਸਿੰਘ
ਸਕੱਤਰ ਪੀ.ਸੀ.ਸੀ.ਟੀ.ਯੂ., ਪ੍ਰੋ. ਗਗਨਦੀਪ ਸਿੰਘ, ਡਾ. ਸੁਰਿੰਦਰਪਾਲ ਮੰਡ, ਡਾ. ਪਲਵਿੰਦਰ ਸਿੰਘ,
ਰਾਣਾ ਰਲਹਨ ਅਕਾਊਂਟਸ ਸੁਪਰਡੈਂਟ, ਸੁਰਿੰਦਰ ਕੁਮਾਰ ਚਲੌਤਰਾ ਪੀ.ਏ. ਤੋ ਇਲਾਵਾ
ਵਿਦਿਆਰਥੀ ਵੀ ਹਾਜ਼ਰ ਸਨ।