ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ
ਹਮੇਸ਼ਾਂ ਵਚਨਬੱਧ ਹੈ। ਕੋਵਿਡ-19 ਦੇ ਕਾਰਨ ਪਿਛਲੇ 10 ਮਹੀਨਿਆਂ ਤੋਂ ਕਾਲਜਾਂ
ਵਿੱਚ ਆਫ਼ਲਾਈਨ ਪੜ੍ਹਾਈ ਪੂਰਨ ਰੂਪ ਵਿੱਚ ਨਹੀਂ ਸੀ ਹੋ ਸਕੀ। ਹੁਣ ਸਰਕਾਰ ਦੇ
ਆਦੇਸ਼ਾਂ ਅਨੁਸਾਰ ਕਾਲਜ ਮੁੜ ਖੁੱਲ੍ਹ ਗਏ ਹਨ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ
ਸਮਰਾ ਨੇ ਕਾਲਜਾਂ ਨੂੰ ਮੁੜ ਖੋਲਣ ਦੇ ਸਰਕਾਰ ਦੇ ਫੈਸਲੇ ਦੀ ਭਰਪੂਰ ਸ਼ਲਾਘਾ
ਕੀਤੀ ਹੈ। ਉਹਨਾਂ ਕਿਹਾ ਕਿ ਕੋਵਿਡ-19 ਦੇ ਕਾਰਨ ਪਿਛਲੇ 10 ਮਹੀਨਿਆਂ ਤੋਂ
ਵਿਦਿਆਰਥੀ ਆਨਲਾਈਨ ਪੜ੍ਹਾਈ ਕਰ ਰਹੇ ਸਨ। ਭਾਵੇਂ ਕਿ ਆਨਲਾਈਨ ਪੜ੍ਹਾਈ
ਨਾਲ ਵਿਦਿਆਰਥੀਆਂ ਨੂੰ ਅਧਿਆਪਕਾਂ ਨਾਲ ਵਿਸ਼ੇ ਸੰਬੰਧੀ ਵਿਚਾਰ ਚਰਚਾ ਕਰਨ
ਦਾ ਵਰਚੁਅਲ ਮੋਡ ਰਾਹੀਂ ਬਹੁਤ ਲੰਮਾ ਸਮਾਂ ਮਿਲਦਾ ਰਿਹਾ ਹੈ ਪਰ ਪ੍ਰੈਕਟੀਕਲ
ਵਿਸ਼ੇ ਆਫਲਾਈਨ ਪੜ੍ਹਾਈ ਰਾਹੀਂ ਹੀ ਵਧੇਰੇ ਸੌਖੇ ਤਰੀਕੇ ਨਾਲ ਸਮਝੇ ਜਾ ਸਕਦੇ
ਹਨ। ਉਨ੍ਹਾਂ ਕਿਹਾ ਕਿ ਕਾਲਜ ਮੁੜ ਖੋਲਣ ਨਾਲ ਵਿਦਿਆਰਥੀਆਂ ਅਤੇ ਸਟਾਫ ਦੇ
ਚਿਹਰੇ ’ਤੇ ਮੁੜ ਰੌਣਕ ਪਰਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਕਾਲਜ ਵਿੱਚ
ਲਗਭਗ 40% ਵਿਦਿਆਰਥੀਆਂ ਦੀ ਹਾਜ਼ਰੀ ਰਹੀ। ਉਹਨਾਂ ਇਹ ਵੀ ਕਿਹਾ ਕਿ
ਵਿਦਿਆਰਥੀਆਂ ਨੂੰ ਅਧਿਆਪਕਾਂ ਦੁਆਰਾ ਕੋਵਿਡ-19 ਸੰਬੰਧੀ ਹਦਾਇਤਾਂ ਦੀ
ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਲਜ ਵਿੱਚ ਕਈ ਥਾਈਂ
ਹਦਾਇਤਾਂ ਦੀ ਪਾਲਣਾ ਸੰਬੰਧੀ ਲਿਖਤੀ ਤੌਰ ’ਤੇ ਵੀ ਦਰਸਾਇਆ ਗਿਆ ਹੈ।
ਉਹਨਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਆਫਲਾਈਨ ਕਲਾਸਾਂ ਅਤੇ ਆਫਲਾਈਨ
ਪ੍ਰੀਖਿਆਵਾਂ ਸੰਬੰਧੀ ਭਾਰੀ ਉਤਸ਼ਾਹ ਹੈ। ਉਹਨਾਂ ਵਿਦਿਆਰਥੀਆਂ ਨੂੰ
ਆਗਾਮੀ ਫਰਵਰੀ ਵਿੱਚ ਹੋਣ ਵਾਲੀਆ ਸਮੈਸਟਰ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਵੀ
ਪੇ੍ਰਰਿਆ।