ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾਂ ਪ੍ਰਤੀਬਧ ਹੈ।
ਇਸੇ ਕਰਕੇ ਹੀ ਕਾਲਜ ਵਿੱਚ ਵੱਖ-ਵੱਖ ਗਤੀਵਿਧੀਆਂ ਨਿਰੰਤਰ ਚਲਦੀਆਂ ਰਹਿੰਦੀਆਂ ਹਨ। ਇਸੇ ਤਹਿਤ ਕਾਲਜ ਦੇ
ਪੋਸਟ ਗ੍ਰੈਜੂਏਟ ਸੰਗੀਤ ਵਿਭਾਗ ਦੁਆਰਾ ਕਲਕੱਤਾ ਤੋਂ ਸੁਪ੍ਰਸਿੱਧ ਤਬਲਾ ਵਾਦਕ ਰਿੰਪਾ ਸ਼ਿਵਾ ਦੀ
ਤਬਲਾ ਵਾਦਨ ਦੀ ਪੇਸ਼ਕਾਰੀ ਕਰਵਾਈ ਗਈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਪ੍ਰੋ. ਜਸਰੀਨ ਕੌਰ, ਡੀਨ
ਅਕਾਦਮਿਕ ਮਾਮਲੇ ਅਤੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਸੁਖਦੇਵ ਸਿੰਘ ਨੇ ਮਹਿਮਾਨ ਕਲਾਕਾਰ
ਰਿੰਪਾ ਸ਼ਿਵਾ ਦਾ ਗੁਲਦਸਤੇ ਦੇ ਕੇ ਸੁਆਗਤ ਕੀਤਾ। ਰਸਮੀ ਤੇ ਸ਼ਬਦੀ ਸੁਆਗਤ ਕਰਦਿਆਂ ਪ੍ਰਿੰਸੀਪਲ ਡਾ.
ਸਮਰਾ ਨੇ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਅਜਿਹੇ ਫ਼ਨਕਾਰਾਂ ਦਾ ਦਿਲੀ ਆਦਰ ਕਰਦਾ ਹੈ। ਉਹਨਾਂ ਕਿਹਾ ਕਿ
ਤਬਲਾ ਵਾਦਨ ਦੀ ਫ਼ਾਰੂਖ਼ਾਬਾਦ ਘਰਾਣੇ ਦੀ ਵਿਰਾਸਤ ਨੂੰ ਰਿੰਪਾ ਸ਼ਿਵਾ ਹੋਰਾਂ ਨੇ ਬਹੁਤ ਸ਼ਿੱਦਤ ਨਾਲ
ਸਾਂਭ ਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਘੱਟ ਵੇਖਣ-ਸੁਣਨ ਨੂੰ ਮਿਲਦਾ ਹੈ ਕਿ ਸਾਡੇ ਸਮਾਜ ਵਿੱਚ
ਲੜਕੀਆਂ ਤਬਲਾ ਵਾਦਨ ਕਰਦੀਆਂ ਹੋਣ ਪਰ ਰਿੰਪਾ ਸ਼ਿਵਾ ਸਾਡੇ ਸਮਾਜ ਲਈ ਪ੍ਰੇਰਨਾ ਸਰੋਤ ਵੀ ਹਨ ਤੇ ਨਾਰੀ
ਸਸ਼ਕਤੀਕਰਨ ਦੀ ਇੱਕ ਉਤਮ ਉਦਾਹਰਨ ਵੀ ਹਨ। ਭਾਰਤੀ ਸ਼ਾਸ਼ਤਰੀ ਸੰਗੀਤ ਪਰੰਪਰਾ ਨੂੰ ਜਾਰੀ ਰੱਖਦਿਆਂ ਤੇ
ਅੱਗੇ ਤੋਰਦਿਆਂ ਕਾਲਜ ਦੇ ਸੰਗੀਤ ਵਿਭਾਗ ਨੇ ਤਬਲਾ ਵਾਦਨ ਦੀ ਉੱਤਮ ਪੇਸ਼ਕਾਰੀ ਲਈ ਬਹੁਤ ਵਧੀਆ
ਉਦਮ ਕੀਤਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਨਵੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ।
ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਸਾਡਾ ਕਾਲਜ ਗੁਰੁ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਤ ਪਹਿਲਾ
ਕਾਲਜ ਹੈ ਜਿੱਥੇ ਅੰਡਰਗੈ੍ਰਜੂਏਸ਼ਨ ਕਲਾਸਾਂ ਵਿੱਚ ਤਬਲਾ ਵਿਸ਼ਾ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਕਿਹਾ
ਕਿ ਅਸੀਂ ਐਮ.ਏ. ਤਬਲਾ ਵੀ ਅਗਲੇ ਸੈਸ਼ਨ ਤੋਂ ਸ਼ੁਰੂ ਕਰ ਰਹੇ ਹਨ। ਪ੍ਰੋ. ਸੁਖਦੇਵ ਸਿੰਘ ਨੇ ਦਰਸ਼ਕ-
ਸਰੋਤਿਆਂ ਨੂੰ ਦੱਸਿਆ ਕਿ ਰਿੰਪਾ ਸ਼ਿਵਾ ਨੇ ਤਬਲਾ ਵਾਦਨ ਦੀ ਸਮੁੱਚੀ ਸਿੱਖਿਆ ਆਪਣੇ ਪਿਤਾ ਜੀ
ਕੋਲੋਂ ਘਰ ਵਿੱਚ ਹੀ ਪ੍ਰਾਪਤ ਕੀਤੀ ਹੈ। ਮਹਿਮਾਨ ਫਨਕਾਰ ਨੇ ਵੱਖ-ਵੱਖ ਵਾਦਨ ਸ਼ੈਲੀਆਂ ਤੇ ਤਾਲਾਂ ਦੀ
ਪੇਸ਼ਕਾਰੀ ਕਰਦਿਆਂ ਉੱਚਤਮ ਤਬਲਾ ਵਾਦਨ ਪ੍ਰਤਿਭਾ ਦਾ ਲੋਹਾ ਮਨਵਾਇਆ। ਉਹਨਾਂ ਤਬਲੇ ਦੀਆ
ਵਾਦਨ ਸ਼ੈਲੀਆਂ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ-ਸਰੋਤਿਆ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਤੋਂ
ਇਲਾਵਾ ਵਿਭਾਗ ਦੇ ਵਿਦਿਆਰਥੀ ਸਾਰੰਗੀ ਵਾਦਨ ਦੀ ਪੇਸ਼ਕਾਰੀ ਦਿੱਤੀ ਅਤੇ ਵਿਭਾਗ ਦੇ ਨੈਸ਼ਨਲ ਜੇਤੂ
ਵਿਦਿਆਰਥੀ ਮਨਸਾ ਸਿੰਘ ਨੇ ਤਬਲੇ ‘ਤੇ ਉਨ੍ਹਾਂ ਦਾ ਸਾਥ ਦਿੱਤਾ। ਇਸ ਮੌਕੇ ਵਿਭਾਗ ਦੇ ਪ੍ਰੋ.
ਗੁਰਚੇਤਨ ਸਿੰਘ, ਅੰਕੁਸ਼ ਗਿੱਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਡਾ. ਸੁਰਿੰਦਰ ਪਾਲ ਮੰਡ
ਤੇ ਡਾ. ਪਲਵਿੰਦਰ ਸਿੰਘ ਅਤੇ ਵਿੱਦਿਆਰਥੀ ਹਾਜ਼ਰ ਸਨ।