ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਭਾਰਤ ਸਰਕਾਰ ਦੇ ਯੁਵਕ ਅਤੇ ਖੇਡ ਮੰਤਰਾਲੇ ਦੀ ਸ਼ਾਖਾ, ਨਹਿਰੂ ਯੁਵਾ ਕੇਂਦਰ ਵਲੋਂ ਕਾਲਜ ਦੇ ਸਹਿਯੋਗ ਸਦਕਾ ਇਕ ਪੰਜ ਰੋਜ਼ਾ ਰਾਸ਼ਟਰੀ ਪੱਧਰੀ ਕੈਂਪ ਦਾ ਆਯੋਜਨ ਕੀਤਾ ਗਿਆ। ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੇ ਸਿਰਲੇਖ ਹੇਠਾਂ ਕਰਵਾਏ ਗਏ ਇਸ ਵਿਸ਼ੇਸ਼ 5 ਰੋਜ਼ਾ ਕੈਂਪ ਵਿਚ ਦੇਸ਼ ਦੇ 13 ਵੱਖ-ਵੱਖ ਸੂਬਿਆਂ ਤੋਂ ਆਏ 250 ਵਿਦਿਆਰਥੀਆਂ ਨੇ ਉਤਸ਼ਾਹ ਦੇ ਨਾਲ ਹਿੱਸਾ ਲਿਆ। ਕੈਂਪ ਦੇ ਸਮਾਪਤੀ ਸਮਾਗਮ ਵਾਲੇ ਦਿਨ, ਉਲੰਪੀਅਨ ਅਤੇ ਵਿਧਾਇਕ ਸ. ਪ੍ਰਗਟ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ. ਸੁਖਦੇਵ ਸਿੰਘ (ਸੂਬਾਈ ਡਾਇਰੈਕਟਰ ਯੁਵਕ ਮਾਮਲੇ) ਅਤੇ ਸ੍ਰੀ ਸੁਰਿੰਦਰ ਸੈਣੀ (ਡਿਪਟੀ ਡਾਇਰੈਕਟਰ, ਯੁਵਕ ਮਾਮਲੇ) ਉਚੇਚੇ ਤੌਰ ੳੁੱਤੇ ਪਹੁੰਚੇ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ਆਏ ਮਹਿਮਾਨਾਂ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡਾ. ਸਮਰਾ ਨੇ ਅਜਿਹੇ ਉੱਦਮਾਂ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਿਆ, ਵਿਦਿਆਰਥੀਆਂ ਨੂੰ ਕੈਂਪ ਤੋਂ ਭਰਪੂਰ ਸੇਧ ਲੈਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਸ. ਪ੍ਰਗਟ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਨੌਜਵਾਨਾਂ ਲਈ ਅਜਿਹੇ ਪ੍ਰੋਗਰਾਮਾਂ ਨੂੰ ਲਾਜ਼ਮੀ ਕਰਾਰ ਦਿੱਤਾ। ਇਸ ਮੌਕੇ ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੂੰ ਨਹਿਰੂ ਯੁਵਾ ਕੇਂਦਰ, ਯੁਵਕ ਅਤੇ ਖੇਡ ਮਾਮਲਿਆਂ ਵਿਭਾਗ ਦੀ ਤਰਫੋਂ ਸ੍ਰੀ ਸੁਰਿੰਦਰ ਸੈਣੀ ਦੁਆਰਾ ‘ਐਵਾਰਡ ਆਫ ਆਨਰ’ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਕਾਲਜ ਦੇ ਕੈਂਪ ਕੁਆਰਡੀਨੇਟਰ ਪ੍ਰੋ. ਅਹੂਜਾ ਸੰਦੀਪ ਨੂੰ ਵੀ ਜ਼ਿਲ੍ਹੇ ਦੇ ਨਹਿਰੂ ਯੁਵਾ ਕੇਂਦਰ ਵਲੋਂ ਪ੍ਰਸੰਸਾ ਪੱਤਰ ਦਿੱਤਾ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਸ੍ਰੀ ਨਿਤਿਆ ਨੰਦ ਯਾਦਵ ਤੋਂ ਇਲਾਵਾ ਕਾਲਜ ਦੇ ਪ੍ਰੋ. ਜੇ.ਐਸ. ਰਾਣਾ, ਪੋ੍ਰ ਪ੍ਰਭ ਦਿਆਲ, ਪ੍ਰੋ. ਮਨੋਹਰ ਸਿੰਘ ਅਤੇ ਹੋਰ ਸਟਾਫ ਮੈਂਬਰ ਵੀ ਸ਼ਾਮਲ ਸਨ। ਇਸ ਕੈਂਪ ਦੌਰਾਨ ਮੰਚ ਸੰਚਾਲਨ ਪ੍ਰੋ. ਗੀਤਾਂਜਲੀ ਮੌਦਗਿਲ ਅਤੇ ਪ੍ਰੋ. ਉਪਮਾ ਅਰੋੜਾ ਵਲੋਂ ਬਾਖੂਬੀ ਨਿਭਾਇਆ ਗਿਆ।