ਲਾਇਲਪੁਰ ਖ਼ਾਲਸਾ ਕਾਲਜ ਅਕਾਦਮਿਕ, ਖੇਡਾਂ ਤੇ ਕਲਚਰਲ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਕਲਚਰਲ ਖੇਤਰ ਵਿੱਚ ਤਿੰਨ ਵਾਰ ਜੋਨਲ ਅਤੇ ਦੋ ਵਾਰ ਅੰਤਰ ਜ਼ੋਨਲ ਟ੍ਰਾਫੀ ਜਿੱਤਣ ਵਾਲੀ ਇਸ ਸੰਸਥਾ ਨੇ ਸੁਯੋਗ ਅਗਵਾਈ, ਸਖਤ ਮਿਹਨਤ ਤੇ ਲਗਨ ਨਾਲ ਇਹ ਪ੍ਰਾਪਤੀਆਂ ਕੀਤੀਆਂ ਹਨ। ਇਸ ਜਜ਼ਬੇ ਨੂੰ ਹੋਰ ਪ੍ਰਫੁੱਲਤ ਤੇ ਪ੍ਰਚੰਡ ਕਰਨ ਦੇ ਮਕਸਦ ਨਾਲ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਡਾ. ਪਲਵਿੰਦਰ ਸਿੰਘ ਬੋਲੀਨਾ ਅਸਿਸਟੈਂਟ ਪ੍ਰੋਫੈਸਰ ਮੈਥੇਮੈਟਿਕਸ ਨੂੰ ਡੀਨ ਕਲਚਰਲ ਅਫ਼ੇਅਰਜ਼ ਨਿਯੁਕਤ ਕੀਤਾ ਹੈ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਸਾਡੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਕਲਾ ਦੇ ਖੇਤਰ ਵਿੱਚ ਵੀ ਬੜੇ ਗੁਣਵਾਨ ਹਨ। ਉਹਨਾਂ ਦੇ ਗੁਣ ਅਤੇ ਕਲਾ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪਹੁੰਚਾਉਣ ਲਈ ਇੱਕ ਨੌਜਵਾਨ ਅਤੇ ਅਗਾਂਹਵਧੂ ਅਧਿਆਪਕ/ਡੀਨ ਦੀ ਜ਼ਰੂਰਤ ਸੀ। ਇਹ ਜ਼ਰੂਰਤ ਡਾ. ਪਲਵਿੰਦਰ ਸਿੰਘ ਦੇ ਰੂਪ ਵਿੱਚ ਪੂਰੀ ਹੋਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕਾਲਜ ਦਾ ਕਲਚਰਲ ਅਫੇਅਰਜ਼ ਵਿਭਾਗ ਅੱਗੇ ਨਾਲੋਂ ਵੀ ਵੱਧ ਜਜ਼ਬੇ ਨਾਲ ਵਿਦਿਆਰਥੀਆਂ ਤੇ ਕਲਾ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਵੇਗਾ। ਉਨ੍ਹਾਂ ਦੱਸਿਆ ਕਿ ਡਾ. ਤਰਸੇਮ ਸਿੰਘ ਜੋ ਕਿ ਪਹਿਲਾਂ ਡੀਨ ਸਨ, ਦੇ ਪ੍ਰਿੰਸੀਪਲ ਬਣਨ ਤੋਂ ਬਾਅਦ ਇਹ ਅਹੁਦਾ ਖਾਲੀ ਹੋਇਆ ਸੀ। ਹੁਣ ਉਨ੍ਹਾਂ ਵਰਗੇ ਯੁਵਾ ਅਧਿਆਪਕ ਨੂੰ ਹੀ ਡੀਨ ਕਲਚਰਲ ਅਫੇਅਰਜ਼ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਾਂਹਵਧੂ ਅਧਿਆਪਕ ਹੀ ਵਿਦਿਆਰਥੀ ਵਿਚਲੀ ਊਰਜਾ ਨੂੰ ਸਹੀ ਦਿਸ਼ਾ ਦੇ ਸਕਦੇ ਹਨ। ਇਸ ਮੌਕੇ ਡਾ. ਪਲਵਿੰਦਰ ਸਿੰਘ ਨੇ ਪ੍ਰਿੰਸੀਪਲ ਡਾ. ਸਮਰਾ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੀਆਂ ਉਮੀਦਾ ’ਤੇ ਪੂਰਾ ਉਤਰਨ ਦਾ ਅਹਿਦ ਲਿਆ। ਇਸ ਮੌਕੇ ਡਾ. ਹਰਜੀਤ ਸਿੰਘ ਮੁਖੀ ਮੈਥੇਮੈਟਿਕਸ ਵਿਭਾਗ ਤੇ ਪ੍ਰੋ. ਮਨਪ੍ਰੀਤ ਲਹਿਲ ਵੀ ਹਾਜ਼ਰ ਸਨ।