ਜਲੰਧਰ : ਮਿਊਂਸੀਪਲ ਕਾਰਪੋਰੇਸ਼ਨ ਜਲੰਧਰ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਦੇ ਸਹਿਯੋਗ ਨਾਲ ਕਾਲਜ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਸਜਾਉਣ ਦੀ ਪ੍ਰਤਿਯੋਗਤਾ ਕਰਵਾਈ ਗਈ। ਇਸ ਵਿਚ ਲਗਭਗ ਸੌ ਦੇ ਕਰੀਬ ਜ਼ਿਲ੍ਹਾਂ ਜਲੰਧਰ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਦੋ ਵਰਗਾਂ ਦੇ ਵਿਦਿਆਰਥੀਆਂ ਨੇ ਵੱਖਰੇ-ਵੱਖਰੇ ਤੌਰ ਤੇ ਹਿੱਸਾ ਲਿਆ। ਇਕ ਵਰਗ ਵਿਚ ਦਸਵੀਂ ਜਮਾਤ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਦੂਜੇ ਵਰਗ ਵਿਚ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬਤੌਰ ਮੁੱਖ ਮਹਿਮਾਨ ਮੰਚ ਤੇ ਸੁਸ਼ੋਭਿਤ ਹੋਏ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਅਵਸਰ ਤੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਾਰਪੋਰੇਸ਼ਨ ਦੇ ਜਾਇੰਟ ਕਮਿਸ਼ਨਰ ਸ੍ਰੀ ਹਰਚਰਨ ਸਿੰਘ ਪੀ.ਸੀ.ਐੱਸ. ਦੇ ਇਸ ਉੱਦਮ ਲਈ ਸ਼ਲਾਘਾ ਕੀਤੀ ਜਿਹਨਾਂ ਨੇ ਪੰਜਾਬੀ ਬੱਚਿਆਂ ਨੂੰ ਆਪਣੇ ਸਭਿਆਚਾਰ ਤੇ ਅਮੀਰ ਵਿਰਾਸਤ ਨਾਲ ਜੋੜੀ ਰੱਖਣ ਦੇ ਅਜਿਹੇ ਉਪਰਾਲੇ ਆਰੰਭ ਕੀਤੇ ਹਨ। ਡਾ. ਸਮਰਾ ਨੇ ਬੱਚਿਆਂ ਵੱਲੋਂ ਸਜਾਈਆਂ ਸੁੰਦਰ ਦਸਤਾਰਾਂ ਦੀ ਪ੍ਰਸੰਸਾਂ ਕਰਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਕਾਰਪੋਰੇਸ਼ਨ ਦੇ ਮੇਅਰ ਸ੍ਰੀ ਜਗਦੀਸ਼ ਰਾਜਾ ਨੇ ਪ੍ਰਤਿਭਾਗੀ ਬੱਚਿਆਂ ਨੂੰ ਵਧਾਈ ਦਿੱਤੀ। ਇਸ ਪ੍ਰਤੀਯੋਗਤਾ ਵਿਚ ਜੱਜ ਦੀ ਭੂਮਿਕਾ ਡਾ. ਐਸ.ਐਸ. ਬੈਂਸ, ਪ੍ਰੋ. ਪਲਵਿੰਦਰ ਸਿੰਘ ਅਤੇ ਡਾ. ਹਰਜਿੰਦਰ ਸਿੰਘ ਨੇ ਨਿਭਾਈ ਅਤੇ ਇਸ ਪ੍ਰਤਿਯੋਗਤਾ ਨੂੰ ਸਫਲ ਬਣਾਉਣ ਲਈ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਪ੍ਰੋ. ਅਰਿੰਦਰ ਸਿੰਘ ਨੇ ਹਰ ਸੰਭਵ ਸਹਿਯੋਗ ਦਿੱਤਾ।