ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ ਸਿੱਖਿਆ, ਖੋਜ, ਖੇਡਾਂ ਤੇ ਕਲਚਰਲ ਖੇਤਰ ਵਿੱਚ ਵਿਸ਼ੇਸ਼ ਸੇਵਾਵਾਂ ਦੇਣ
ਲਈ ਜਾਣਿਆ ਜਾਂਦਾ ਹੈ। ਭਾਸ਼ਾ ਖੋਜ ਅਤੇ ਚਿੰਤਨ ਦੇ ਖੇਤਰ ਵਿੱਚ ਵਿਸ਼ੇਸ਼ ਸੇਵਾਵਾਂ ਦੇ ਰਹੇ ਪੰਜਾਬੀ
ਭਾਸ਼ਾ ਵਿਕਾਸ ਕੇਂਦਰ ਦੁਆਰਾ ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੁਏਜਿਜ਼ ਮੈਸੂਰ ਦੇ
ਸਹਿਯੋਗ ਨਾਲ ਕਾਲਜ ਵਿਖੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ‘ਖਤਰੇ ਅਧੀਨ ਖੇਤਰੀ
ਭਾਸ਼ਾਵਾਂ ਅਤੇ ਮਾਤ ਭਾਸ਼ਾ ਪੰਜਾਬੀ’ ਵਿਸ਼ੇ ’ਤੇ ਕਰਵਾਏ ਗਏ ਇਸ ਰਾਸ਼ਟਰੀ ਸੈਮੀਨਾਰ ਵਿੱਚ ਪ੍ਰਸਿੱਧ
ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ, ਪ੍ਰੋਫੈਸਰ (ਰਿਟਾ) ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਬੂਟਾ ਸਿੰਘ
ਬਰਾੜ ਪ੍ਰੋਫੈਸਰ (ਰਿਟਾ) ਪੰਜਾਬੀ ਯੂਨੀਵਰਸਿਟੀ, ਰਿਜਨਲ ਸੈਂਟਰ ਬਠਿੰਡਾ ਅਤੇ ਡਾ. ਮਨਜਿੰਦਰ ਸਿੰਘ
ਅਸਿਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਮੁੱਖ ਵਕਤਿਆਂ ਵਜੋਂ ਸ਼ਿਰਕਤ
ਕੀਤੀ। ਪ੍ਰਿੰਸੀਪਲ ਡਾ. ਗਰੁਪਿੰਦਰ ਸਿੰਘ ਸਮਰਾ, ਡਾ. ਗੋਪਾਲ ਸਿੰਘ ਬੁੱਟਰ, ਮੁੱਖੀ ਪੋਸਟ ਗ੍ਰੈਜੂਏਟ
ਪੰਜਾਬੀ ਵਿਭਾਗ ਅਤੇ ਡਾ. ਸੁਖਦੇਵ ਸਿੰਘ ਨਾਗਰਾ, ਕੋਆਰਡੀਨੇਟਰ ਪੰਜਾਬੀ ਭਾਸ਼ਾ ਵਿਕਾਸ ਕੇਂਦਰ ਨੇ
ਆਏ ਭਾਸ਼ਾ ਵਿਗਿਆਨੀ ਮੁੱਖ ਵਕਤਿਆ ਨੂੰ ਗੁਲਦਸਤੇ ਦੇ ਕੇ ਜੀ ਆਇਆ ਕਿਹਾ। ਪ੍ਰਿੰਸੀਪਲ ਡਾ.
ਸਮਰਾ ਨੇ ਬੋਲਦਿਆਂ ਕਿਹਾ ਕਿ ਇਹ ਸੈਮੀਨਾਰ ਕਰਵਾਉਣਾ ਪੰਜਾਬੀ ਭਾਸ਼ਾ ਵਿਕਾਸ ਕੇਂਦਰ ਦਾ ਇਕ
ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ
ਨੂੰ ਬਹੁਤ ਚੁਨੌਤੀਆਂ ਹਨ। ਅਜੋਕੇ ਵਿਦਿਆਰਥੀ ਭਾਸ਼ਾ ਤੇ ਗੁਰਮੁਖੀ ਲਿਪੀ ਦੀ ਸਮਝ ਤੋਂ ਅਵੇਸਲੇ ਹਨ।
ਨੌਜਵਾਨਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਪ੍ਰਾਇਮਰੀ ਪੱਧਰ
ਤੋਂ ਹੀ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਤੇ ਲਿਪੀ ਦੀ ਵਿਸ਼ੇਸ਼ ਸਿਖਲਾਈ ਦੇਣੀ ਚਾਹੀਦੀ ਹੈ।
ਪ੍ਰਾਇਮਰੀ ਸਕੂਲ ਅਧਿਆਪਕਾਂ ਦੀ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਸੰਬੰਧੀ ਵਿਸ਼ੇਸ਼ ਟ੍ਰੇਨੰਗ ਹੋਣੀ
ਚਾਹੀਦੀ ਹੈ। ਡਾ. ਬੂਟਾ ਸਿੰਘ ਬਰਾੜ ਨੇ ਕੂੰਜੀਵਤ ਭਾਸ਼ਨ ਪੇਸ਼ ਕਰਦਿਆਂ ਪੰਜਾਬੀ ਭਾਸ਼ਾ ਦੇ ਅਜੌਕੇ
ਦ੍ਰਿਸ਼ ਅਤੇ ਪੰਜਾਬੀ ਭਾਸ਼ਾ ਨੂੰ ਚੁਨੌਤੀਆਂ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਡਾ. ਜੋਗਾ ਸਿੰਘ ਨੇ
ਪੰਜਾਬੀ ਭਾਸ਼ਾ ’ਤੇ ਦੂਜੀਆ ਭਾਸ਼ਾਵਾਂ ਦੇ ਪ੍ਰਭਾਵ ਅਤੇ ਹਮਲਿਆਂ ਸੰਬੰਧੀ ਜਾਣਕਾਰੀ ਦਿੱਤੀ।
ਉਹਨਾਂ ਕਿਹਾ ਕਿ ਆਪਣੀ ਭਾਸ਼ਾ ਵਿੱਚ ਹੀ ਮਨੁੱਖ ਆਪਣੇ ਆਪ ਨੂੰ ਵਧੀਆ ਢੰਗ ਨਾਲ ਪੇਸ਼ ਕਰ
ਸਕਦਾ ਹੈ। ਡਾ. ਮਨਜਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਪ੍ਰਤੀ ਪੰਜਾਬੀਆਂ ਦੇ ਰਵੱਈਏ ਅਤੇ ਭਾਸ਼ਾ
ਪ੍ਰਤੀ ਸਰਕਾਰੀ ਨੀਤੀਆਂ ਸੰਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੈਮੀਨਾਰ ਵਿੱਚ ਡਾ. ਸੁਰਿੰਦਰ ਮੰਡ,
ਡਾ. ਹਰਜਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਅਰਿੰਦਰ ਸਿੰਘ, ਪ੍ਰੋ. ਸਲਿੰਦਰ
ਸਿੰਘ, ਪ੍ਰੋ. ਜਸਵੀਰ ਸਿੰਘ ਆਦਿ ਅਧਿਆਪਕ ਸਾਹਿਬਾਨ ਨੇ ਖਤਰੇ ਅਧੀਨ ਖੇਤਰੀ ਭਾਸ਼ਾਵਾਂ ਅਤੇ
ਮਾਤਭਾਸ਼ਾ ਪੰਜਾਬੀ ਵਿਸ਼ੇ ਨਾਲ ਸੰਬੰਧਤ ਆਪਣੇ ਖੋਜ ਪੱਤਰ ਪ੍ਰਸਤੁਤ ਕੀਤੇ। ਸੈਮੀਨਾਰ ਵਿੱਚ ਸ਼ਾਮਲ
ਡੈਲੀਗੇਟਸ ਨੇ ਵਿਦਵਾਨ ਖੋਜ ਪਰਚਾਕਾਰਾਂ ਕੋਲੋਂ ਵਿਸ਼ੇ ਨਾਲ ਸੰਬੰਧਤ ਪ੍ਰਸ਼ਨ ਪੁੱਛੇ ਜਿਸਦਾ ਵਿਦਵਾਨ
ਭਾਸ਼ਾ ਵਿਗਿਆਨੀ ਮੁੱਖ ਵਕਤਿਆਂ ਨੇ ਬੜੀ ਸਹਿਜਤਾ ਤੇ ਵਿਦਵਤਾ ਨਾਲ ਉੱਤਰ ਦਿੱਤੇ। ਪੰਜਾਬੀ ਵਿਭਾਗ ਦੇ
ਮੁਖੀ ਡਾ. ਗੋਪਾਲ ਸਿੰਘ ਬੁੱਟਰ ਨੇ ਸੈਮੀਨਾਰ ਦੇ ਅੰਤ ਵਿੱਚ ਆਏ ਵਿਦਵਾਨਾਂ, ਪਰਚਾਕਾਰਾਂ, ਡੈਲੀਗੇਟਾਂ

ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸੈਮੀਨਾਰ ਦੌਰਾਨ ਮੰਚ ਸੰਚਾਲਨ ਡਾ. ਸੁਖਦੇਵ ਸਿੰਘ
ਨਾਗਰਾ ਨੇ ਕੀਤਾ। ਇਸ ਮੌਕੇ ਪ੍ਰੋ. ਕੁਲਦੀਪ ਸੋਢੀ, ਪ੍ਰੌ. ਗੁਰਬੀਰ ਸਿੰਘ, ਪ੍ਰੋ. ਗੁਲਜ਼ਾਰ ਸਿੰਘ, ਪ੍ਰੌ.
ਸੁਖਰਾਜ ਕੌਰ, ਪ੍ਰੋ. ਗੁਰਜੀਤ ਸਿੰਘ ਖੋਸਾ, ਪ੍ਰੋ. ਸੋਨੂੰ ਸਮਰਾਏ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ
ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।