ਫਗਵਾੜਾ 2 ਜੁਲਾਈ (ਸ਼ਿਵ ਕੋੜਾ) ਅੰਬੇਡਕਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਨੇ ਕਿਹਾ ਕਿ ਪੰਜਾਬ ਵਿਧਾਨਸਭਾ ਚੋਣਾਂ ਦਾ ਸਮਾਂ ਜਿਸ ਤਰ੍ਹਾਂ ਨਜਦੀਕ ਆ ਰਿਹਾ ਹੈ ਸਿਆਸੀ ਪਾਰਟੀਆਂ ਵੀ ਲੋਕਾਂ ਨੂੰ ਲਾਲਚ ਦੇਣ ਲਗ ਪਈਆਂ ਹਨ ਜੋ ਕਿ ਜਾਇਜ ਨਹੀਂ ਹੈ। ਉਹਨਾਂ ਜਿੱਥੇ ਚੋਣ ਕਮੀਸ਼ਨ ਤੋਂ ਲਾਲਚ ਦੇ ਕੇ ਵੋਟਾਂ ਲੈਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਉੱਥੇ ਹੀ ਆਮ ਜਨਤਾ ਨੂੰ ਵੀ ਕਿਹਾ ਕਿ ਅਜਿਹੀਆਂ ਪਾਰਟੀਆਂ ਜਾਂ ਉਮੀਦਵਾਰਾਂ ਤੇ ਬਿਲਕੁਲ ਵਿਸ਼ਵਾਸ ਨਾ ਕਰਦੇ ਹੋਏ ਉਹਨਾਂ ਪਾਰਟੀਆਂ ਨੂੰ ਹੀ ਵੋਟ ਪਾਉਣ ਜੋ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਅਤੇ ਨੌਜਵਾਨਾਂ ਨੂੰ ਰੁਜਗਾਰ ਦੇ ਸਕਦੀਆਂ ਹਨ। ਉਹਨਾਂ ਕਿਹਾ ਕਿ ਪਾਰਟੀਆਂ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਜੋ ਵਾਅਦੇ ਕੀਤੇ ਜਾਂਦੇ ਹਨ ਉਹ ਪੂਰੇ ਹੋਣੇ ਚਾਹੀਦੇ ਹਨ। ਜੇਕਰ ਕੋਈ ਪਾਰਟੀ ਸੱਤਾ ਵਿਚ ਆਉਣ ਤੋਂ ਬਾਅਦ ਆਪਣੇ ਕੀਤੇ ਵਾਅਦੇ ਪੂਰੇ ਕਰਨ ਵਿਚ ਅਸਫਲ ਰਹਿੰਦੀ ਹੈ ਤਾਂ ਉਸਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਉਹਨਾਂ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਪਰ ਫਰੀ ਬਿਜਲੀ ਯੁਨਿਟ ਦੇਣ ਦੇ ਨਾਮ ਤੇ ਪੰਜਾਬੀਆਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਉੱਥੇ ਹੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਸੂਬੇ ਦੀ ਕੈਪਟਨ ਸਰਕਾਰ ਨੂੰ ਮਹਿੰਗਾਈ ਕਾਬੂ ਕਰਨ ਵਿਚ ਪੂਰੀ ਤਰ੍ਹਾਂ ਫਲਾਪ ਦਸਦਿਆਂ ਅਗਲੀਆਂ ਚੋਣਾਂ ‘ਚ ਵੋਟਰਾਂ ਨੂੰ ਇਹਨਾਂ ਪਾਰਟੀਆਂ ਤੋਂ ਸਚੇਤ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸੀਨੀਅਰ ਆਗੂ ਤਰਸੇਮ ਚੁੰਬਰ, ਸੁਰਿੰਦਰ ਰਾਵਲਪਿੰਡੀ, ਰਵੀ ਹਰਦਾਸਪੁਰ, ਪਰਸਰਾਮ ਸ਼ਿਵਪੁਰੀ, ਹਰਜਿੰਦਰ ਜੰਡਾਲੀ, ਸੋਨੂੰ ਬੰਗਾ ਆਦਿ ਹਾਜਰ ਸਨ।