ਜਲੰਧਰ :- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਲੜਕੀਆਂ/ਔਰਤਾਂ ਦੇ ਸਨਮਾਨ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਅਧੀਨ ਜ਼ਿਲ੍ਹੇ ਵਿੱਚ ਕਈ ਗ੍ਰੈਫਟੀਆਂ ਬਣਾਈਆਂ ਗਈਆਂ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਲੜਕੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਲਈ ਹੱਲਾ ਸ਼ੇਰੀ ਦੇਣ ਵਾਸਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਲੜਕੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਹ ਗ੍ਰੈਫਟੀਆਂ ਬਣਵਾਈਆਂ ਗਈਆਂ ਹਨ, ਜੋ ਕਿ ਬੀਐਮਸੀ ਚੌਕ, ਜ਼ਿਲ੍ਹਾ ਅਦਾਲਤ ਦੀ ਕੰਧ, ਪੀਏਪੀ ਫਲਾਈ ਓਵਰ ਦੇ ਹੇਠਾਂ, ਰਾਮਾ ਮੰਡੀ ਫਲਾਈ ਓਵਰ ਦੇ ਹੇਠਾਂ ਅਤੇ ਹੰਸ ਰਾਜ ਸਟੇਡੀਅਮ ਵਿਖੇ ਬਣਾਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਪੀਏਪੀ ਫਲਾਈਓਵਰ ਦੇ ਹੇਠਾਂ ਕੰਧ ਨੂੰ ਗ੍ਰੈਫਿਟੀ ਆਰਟਸ ਨਾਲ ਸਜਾਇਆ ਗਿਆ ਹੈ, ਜਿਸ ਵਿੱਚ ‘ਬਹਾਦਰੀ ਦੀ ਮਿਸਾਲ–ਕੁਸਮ’ ਦੇ ਨਾਅਰਿਆਂ ਵਾਲੀਆਂ ਕੁਸਮ ਦੀਆਂ ਵੱਡੀਆਂ ਪੇਂਟਿੰਗਾਂ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਸਮ ਨੇ ਝਪਟਮਾਰੀ ਦੀ ਘਟਨਾ ਦੌਰਾਨ ਦੋ ਬਾਈਕ ਸਵਾਰ ਨੌਜਵਾਨਾਂ ਦਾ ਬਹਾਦਰੀ ਨਾਲ ਸਾਹਮਣਾ ਕਰਦਿਆਂ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਹਮਲਾਵਰਾਂ ਵਿੱਚੋਂ ਇਕ ਨੂੰ ਹੇਠਾਂ ਸੁੱਟ ਲਿਆ ਸੀ। ਉਨ੍ਹਾਂ ਕਿਹਾ ਕਿ ਕੁਸਮ ਦੇ ਬਹਾਦਰੀ ਅਤੇ ਹਿੰਮਤ ਭਰੇ ਕਾਰਨਾਮੇ ਨੇ ਪੂਰੇ ਸ਼ਹਿਰ ਦਾ ਮਾਣ ਵਧਾਇਆ ਹੈ ਅਤੇ ਉਹ ਲੜਕੀਆਂ ਲਈ ਇਕ ਮਿਸਾਲ ਬਣ ਕੇ ਉੱਭਰੀ ਹੈ ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਰਾਇਜ਼ਾਦਾ ਹੰਸਰਾਜ ਸਟੇਡੀਅਮ ਵਿੱਚ ਜਿਥੇ ਅੰਤਰ ਰਾਸ਼ਟਰੀ ਬੈਡਮਿੰਟਨ ਖਿਡਾਰਨਾਂ ਪੀ. ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਦੀ ਪੰਜਾਬ ਦੀ ਸਭ ਤੋਂ ਵੱਡੀ ਗ੍ਰੈਫਿਟੀ ਬਣਾਈ ਗਈ ਹੈ ਉਥੇ ਜ਼ਿਲ੍ਹਾ ਅਦਾਲਤ ਦੀ ਕੰਧ ਉਤੇ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਲਿਖਿਆ ਹੈ। ਇਸ ਤੋਂ ਇਲਾਵਾ ਲੜਕੀਆਂ ਨੂੰ ਉਤਸ਼ਾਹਿਕ ਕਰਦੀਆਂ ਹੋਰ ਵੀ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕਲਾਕ੍ਰਿਤੀਆਂ ਲੜਕੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਬੁਲੰਦੀਆਂ ਨੂੰ ਛੋਹਣ ਲਈ ਪ੍ਰੇਰਿਤ ਕਰਨਗੀਆਂ।  ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਬਣਾਈਆਂ ਗਈਆਂ ਇਹ ਕਲਾਕ੍ਰਿਤੀਆਂ ਇਸ ਗੱਲ ਦਾ ਪ੍ਰਤੀਕ ਹਨ ਕਿ ਜੇਕਰ ਅਸੀਂ ਲੜਕੀਆਂ ਨੂੰ ਅੱਗੇ ਆਉਣ ਦਾ ਮੌਕਾ ਦਿੰਦੇ ਹਾਂ ਤਾਂ ਉਹ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ ‘ਤੇ ਚਮਕਾ ਸਕਦੀਆਂ ਹਨ।