ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ ਨੰਬਰ 1ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਨਾਲ-ਨਾਲ ਟਾਈਮਜ਼ ਆਫ ਇੰਡੀਆ ਦੇ ਸਰਵੇਖਣ 2021ਵਿੱਚੋਂ ਟੌਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ਼ ਹਿੰਦੀ ਦੁਆਰਾ ਹਿੰਦੀ ਸਮਰਪਣ ਸਮਾਰੋਹ ਦਾ ਆਯੋਜਨ ਕਰਵਾਇਆ ਜਿਸ ਦੇ ਅੰਤਰਗਤ ਵਰਤਮਾਨ ਵਿਚ ਹਿੰਦੀ: ਸੰਭਾਵਨਾਵਾਂ ਅਤੇ ਚੁਣੌਤੀਆਂ ਵਿਸ਼ੇ ‘ਤੇ ਇਕ ਰੋਜ਼ਾ ਸੰਗੋਸ਼ਠੀ ਦਾ ਆਯੋਜਨ ਹੋਇਆ । ਪ੍ਰੋ. ਹਰਮੋਹਿੰਦਰ ਸਿੰਘ ਬੇਦੀ, ਚਾਂਸਲਰ, ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਅਤੇ ਪ੍ਰੋ. ਸੁਧਾ ਜਤਿੰਦਰ, ਮੁਖੀ, ਹਿੰਦੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਹਿੰਦੀ ਦਿਵਸ ਦੇ ਮੌਕੇ ‘ਤੇ ਹਰੇਕ ਸਾਲ ਕੇ.ਐਮ.ਵੀ. ਵਿਖੇ ਆਯੋਜਿਤ ਹੁੰਦੀਆਂ ਵਿਭਿੰਨ ਗਤੀਵਿਧੀਆਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਆਯੋਜਿਤ ਹੋਈ ਇਸ ਸੰਗੋਸ਼ਠੀ ਦੇ ਵਿੱਚ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸ਼ਿਰਕਤ ਕਰਦੇ ਹੋਏ ਸਰੋਤ ਬੁਲਾਰਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਆਪਣੇ ਸੰਬੋਧਨ ਵਿਚ ਇਸ ਵਿਸ਼ੇਸ਼ ਪ੍ਰੋਗਰਾਮ ਦੇ ਲਈ ਸਮੂਹ ਹਿੰਦੀ ਪ੍ਰੇਮੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਹਿੰਦੀ ਭਾਸ਼ਾ ਪ੍ਰਤੀ ਆਪਣੇ ਵਿਚਾਰਾਂ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਸੁਤੰਤਰਤਾ ਸੰਗਰਾਮ ਦੇ ਸਮੇਂ ਵਿੱਚ ਵੀ ਹਿੰਦੀ ਜਿਥੇ ਹਰੇਕ ਭਾਰਤਵਾਸੀ ਦੀ ਪਛਾਣ ਰਹੀ ਉੱਥੇ ਨਾਲ ਹੀ ਕੰਨਿਆ ਮਹਾਂ ਵਿਦਿਆਲਾ ਦੁਆਰਾ ਨਾ ਕੇਵਲ ਹਿੰਦੀ ਭਾਸ਼ਾ ਨੂੰ ਅਪਣਾਇਆ ਗਿਆ ਸਗੋਂ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵੀ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੰਨਿਆ ਮਹਾਂ ਵਿਦਿਆਲਾ ਦੁਆਰਾ ਹਿੰਦੀ ਭਾਸ਼ਾ ਦੇ ਵਿਕਾਸ ਵਿੱਚ ਯੋਗਦਾਨ ਦੇ ਨਾਲ-ਨਾਲ ਇਸ ਖੇਤਰ ਵਿੱਚ ਵੱਧ ਤੋਂ ਵੱਧ ਖੋਜ ਕਾਰਜਾਂ ਸਬੰਧੀ ਵੀ ਵਿਚਾਰ ਪੇਸ਼ ਕੀਤੇ। ਇਸ ਪ੍ਰੋਗਰਾਮ ਦੌਰਾਨ ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੰਸਕ੍ਰਿਤ ਸਾਹਿਤ ਦੀ ਮਹਾਨ ਪਰੰਪਰਾ ਅਤੇ ਭਾਰਤੀ ਸੱਭਿਆਚਾਰ ਦੀ ਆਤਮਿਕ ਸੁਮੇਲ ਦੀ ਯੋਗਤਾ ਰੱਖਣ ਵਾਲੀ ਹਿੰਦੀ ਭਾਰਤੀ ਭਾਸ਼ਾਵਾਂ ਦੇ ਕੇਂਦਰ ਵਿਚ ਹੈ ਅਤੇ ਇਹ ਹੀ ਹਿੰਦੀ ਦੀ ਵਿਸ਼ੇਸ਼ਤਾ ਅਤੇ ਇਸਦਾ ਦੇ ਮਹੱਤਵ ਦਾ ਆਧਾਰ ਹੈ । ਉਨ੍ਹਾਂ ਕਿਹਾ ਕਿ ਹਿੰਦੀ ਆਪਣੇ ਆਰੰਭਕ ਕਾਲ ਤੋਂ ਲੈ ਕੇ ਸਮਕਾਲੀ ਭਾਸ਼ਾਵਾਂ ਦੇ ਨਾਲ ਆਦਾਨ-ਪ੍ਰਦਾਨ ਕਰਦੇ ਹੋਏ ਤਤਕਾਲੀ ਚੁਨੌਤੀਆਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਆਪਣੀਆਂ ਸੰਭਾਵਨਾਵਾਂ ਅਤੇ ਵਿਕਾਸ ਦਾ ਮਾਰਗ ਵੀ ਖੋਜਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਦ੍ਰਿਸ਼ਟੀ ਤੋਂ ਦੇਖਦੇ ਹੋਏ ਸਮੁੱਚੇ ਏਸ਼ੀਆ ਦੀ ਸੱਭਿਆਚਾਰਕ ਵਿਸ਼ੇਸ਼ਤਾਵਾਂ ਨੂੰ ਪਹਿਚਾਣ ਦੇਣ ਦੇ ਲਈ ਹਿੰਦੀ ਭਾਸ਼ਾ ਇੱਕ ਮਹੱਤਵਪੂਰਨ ਇਕਾਈ ਦੀ ਤਰ੍ਹਾਂ ਭੂਮਿਕਾ ਨਿਭਾਉਂਦੀ ਨਜ਼ਰ ਆਉਂਦੀ ਹੈ। ਪ੍ਰੋਗਰਾਮ ਵਿੱਚ ਹਾਜ਼ਰ ਦੂਸਰੇ ਸਰੋਤ ਬੁਲਾਰੇ ਪ੍ਰੋ. ਸੁਧਾ ਜਤਿੰਦਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਿੰਦੀ ਭਾਰਤੀ ਭਾਸ਼ਾਵਾਂ ਦੇ ਵਿਕਾਸ ਵਿੱਚ ਸਹਾਇਕ ਹੈ। ਅਪਭ੍ਰੰਸ਼ ਤੋਂ ਨਿਕਲੀ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਨਾਲ ਹਿੰਦੀ ਨੇ ਅੱਜ ਪ੍ਰੀਭਾਸ਼ਿਕ ਸ਼ਬਦਾਂ, ਤਦਭਵ ਸ਼ਬਦਾਂ ਦੇ ਲੱਖਾਂ ਦੀ ਗਿਣਤੀ ਵਿੱਚ ਨਿਰਮਾਣ ਦੁਆਰਾ ਅਤੇ ਵਿਆਕਰਣਕ ਸ਼ੁੱਧਤਾ ਦੇ ਨਾਲ-ਨਾਲ ਲਿੱਪੀ ਦੀ ਸਰਲਤਾ ਨੂੰ ਸਿੱਧ ਕਰਕੇ ਖ਼ੁਦ ਨੂੰ ਸਹਿਜ, ਸਮਰੱਥ ਅਤੇ ਸਸ਼ੱਕਤ ਬਣਾ ਲਿਆ ਹੈ। ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਦੇ ਵਿਚ ਵੀ ਹਿੰਦੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਹਿੰਦੀ ਨੂੰ ਆਪਣੀ ਸਰਲਤਾ, ਸਹਿਜਤਾ, ਗ੍ਰਹਿਣਸ਼ੀਲਤਾ, ਅਨੁਕੂਲ ਰਹਿਣ ਦੀ ਸਮਰੱਥਾ ਆਦਿ ਦੇ ਨਾਲ ਵਰਤਮਾਨ ਸਮੇਂ ਵਿਚ ਸਰਵ ਵਿਆਪੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੋਈ ਹੈ । ਅੱਗੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹਿੰਦੀ ਭਾਵਨਾਵਾਂ ਅਤੇ ਸੰਬੰਧਾਂ ਦੀ ਭਾਸ਼ਾ ਤੋਂ ਉੱਪਰ ਉੱਠ ਕੇ ਇੰਡਸਟਰੀ ਦੀ ਭਾਸ਼ਾ ਬਣ ਗਈ ਹੈ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ‘ਤੇ ਵੀ ਹਿੰਦੀ ਭਾਸ਼ਾ ਨੂੰ ਸਵੀਕਾਰਿਆ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਅਖ਼ਬਾਰਾਂ, ਟੀ. ਵੀ. ਚੈਨਲ, ਫਿਲਮਾਂ, ਲੜੀਵਾਰ ਆਦਿ ਹਿੰਦੀ ਭਾਸ਼ਾ ਵਿੱਚ ਬਣ ਰਹੇ ਹਨ ਜਿਸ ਦੇ ਫਲਸਰੂਪ ਹਿੰਦੀ ਭਾਸ਼ਾ ਰੁਜ਼ਗਾਰ ਦੇ ਲਈ ਅਨੇਕਾਂ ਮੌਕੇ ਪੈਦਾ ਕਰਨ ਵਿਚ ਸਮਰੱਥ ਸਾਬਿਤ ਹੋ ਰਹੀ ਹੈ। ਇਸ ਤੋਂ ਇਲਾਵਾ ਹਿੰਦੀ ਵਿਭਾਗ ਦੇ ਦੁਆਰਾ ਇੰਟਰ ਕਾਲਜ ਲੈਵਲ ਤੇ ਕਵਿਤਾ ਲੇਖਣ ਅਤੇ ਸਲੋਗਨ ਲੇਖਣ ਤੋਂ ਇਲਾਵਾ ਚਾਰਟ ਮੇਕਿੰਗ ਮੁਕਾਬਲੇ ਦਾ ਵੀ ਆਯੋਜਨ ਕਰਵਾਇਆ ਜਿਸ ਵਿਚ ਵਿਦਿਆਰਥਣਾਂ ਨੇ ਵੱਧ-ਚਡ਼੍ਹ ਕੇ ਭਾਗ ਲੈਂਦੇ ਹੋਏ ਆਪਣੀ ਕਲਾਤਮਿਕ ਸੂਝ-ਬੂਝ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ। ਕਵਿਤਾ ਲੇਖਣ ਮੁਕਾਬਲੇ ਵਿੱਚੋਂ ਪਵਨਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੀ। ਰੁਪਿੰਦਰ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਵੰਸ਼ਿਕਾ ਗੁਪਤਾ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ। ਸਲੋਗਨ ਲੇਖਣ ਅਤੇ ਚਾਰਟ ਮੇਕਿੰਗ ਮੁਕਾਬਲੇ ਦੇ ਵਿੱਚੋਂ ਐਮ.ਏ. ਦੀਆਂ ਕਲਾਸਾਂ ਵਿਚ ਨਿਕਿਤਾ ਸਰਮਾਲ ਨੇ ਪਹਿਲਾ ਸਥਾਨ ਹਾਸਿਲ ਕੀਤਾ। ਆਰਤੀ ਅਤੇ ਨੇਹਾ ਨੇ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਆਪਣੇ ਨਾਮ ਕਰਵਾਇਆ। ਇਸ ਦੇ ਨਾਲ ਹੀ ਬੀ. ਏ. ਦੀਆਂ ਕਲਾਸਾਂ ਦੇ ਵਿੱਚੋਂ ਪ੍ਰੀਤ ਪਹਿਲੇ ਸਥਾਨ ‘ਤੇ ਰਹੀ। ਸ਼ਰਨਜੀਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਪ੍ਰਿਅੰਕਾ ਨੂੰ ਤੀਸਰਾ ਸਥਾਨ ਹਾਸਿਲ ਹੋਇਆ। ਇਸ ਤੋਂ ਇਲਾਵਾ ਮਨਪ੍ਰੀਤ ਕੌਰ ਅਤੇ ਮੁੱਦਿਤਾ ਨੂੰ ਹੌਸਲਾ ਅਫਜ਼ਾਈ ਇਨਾਮਾਂ ਦੇ ਲਈ ਚੁਣਿਆ ਗਿਆ। ਮੈਡਮ ਪ੍ਰਿੰਸੀਪਲ ਨੇ ਇਸ ਸਫਲ ਆਯੋਜਨ ਦੇ ਲਈ ਡਾ. ਵਿਨੋਦ ਕਾਲਰਾ, ਮੁਖੀ, ਹਿੰਦੀ ਵਿਭਾਗ ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ।