ਫਗਵਾੜਾ 30 ਮਾਰਚ (ਸ਼਼ਿਵ ਕੋੋੜਾ) ਸੀਨੀਅਰ ਭਾਜਪਾ ਵਰਕਰ ਲੱਕੀ ਸਰਵਟਾ ਨੇ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ ਵਿਖੇ ਹੋਈ ਕੁੱਟਮਾਰ ਦੀ ਘਟਨਾ ਦੀ ਸਖਤ ਨਖੇਦੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਇਸ਼ਾਰੇ ‘ਤੇ ਭਾਜਪਾ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਭਾਜਪਾ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਲੋਕਤੰਤਰ ਵਿਚ ਕਿਸੇ ਤਰ੍ਹਾਂ ਦੀ ਹਿੰਸਾ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀ ਜਨਤਾ ਸਭ ਕੁੱਝ ਦੇਖ ਰਹੀ ਹੈ। ਭਾਜਪਾ ਵਰਕਰ ਤੇ ਸਮਰਥਕ ਹਿੰਸਾ ਵਿਚ ਯਕੀਨ ਨਹੀਂ ਰੱਖਦੇ ਪਰਵੋਟਾਂ ਸਮੇਂ ਇਸ ਧੱਕੇਸ਼ਾਹੀ ਦਾ ਢੁਕਵਾਂ ਜਵਾਬ ਦੇਣਗੇ ਕਿਉਂਕਿ ਕੋਈ ਤਾਕਤ ਉਹਨਾਂ ਨੂੰ ਭਾਜਪਾ ਦੇ ਹੱਕ ਵਿਚ ਵੋਟਾਂ ਪਾਉਣ ਤੋਂ ਰੋਕ ਨਹੀਂ ਸਕਦੀ। ਉਹਨਾਂ ਕਿਹਾ ਕਿ ਕੁੱਝ ਲੋਕ ਕਿਸਾਨਾ ਦੇ ਨਾਮ ‘ਤੇ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ ਅਤੇ ਸੂਬੇ ਦੀ ਸੱਤਾ ਧਿਰ ਅਜਿਹੇ ਅਨਸਰਾਂ ਨੂੰ ਸ਼ਹਿ ਦੇ ਰਹੀ ਹੈ ਜੋ ਨਿੰਦਣਯੋਗ ਹੈ। ਕਾਂਗਰਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੂਸਰੇ ਲਈ ਟੋਏ ਪੁੱਟਣ ਵਾਲੇ ਆਪ ਹੀ ਉਸ ਵਿਚ ਡਿੱਗਦੇ ਹਨ। ਲੱਕੀ ਸਰਵਟਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਹਮੇਸ਼ਾ ਕਿਸਾਨਾ ਦੇ ਹਿੱਤ ਵਿਚ ਕੰਮ ਕੀਤਾ ਹੈ ਅਤੇ ਕਿਸਾਨਾ ਦੇ ਬੈਂਕ ਖਾਤੇ ਵਿਚ ਛੇ ਹਜਾਰ ਰੁਪਏ ਸਲਾਨਾ ਦਾ ਭੁਗਤਾਨ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਉਹਨਾਂ ਕਿਹਾ ਕਿ ਕਾਂਗਰਸ, ਅਕਾਲੀ ਅਤੇ ਆਮ ਆਦਮੀ ਪਾਰਟੀ ਸਿਆਸੀ ਫਾਇਦੇ ਲਈ ਕਿਸਾਨਾ ਨੂੰ ਗੁਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਕਿਸਾਨਾ ਨੂੰ ਢਾਲ ਬਣਾ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।