ਫਗਵਾੜਾ 10 ਜੁਲਾਈ (ਸ਼ਿਵ ਕੋੜਾ) ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਨੇ ਕਾਂਗਰਸ ਪਾਰਟੀ ਦੇ ਜਿਲ੍ਹਾ ਉਪ ਪ੍ਰਧਾਨ ਰੌਸ਼ਨ ਸੱਭਰਵਾਲ ਅਤੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ। ਇਸ ਦੌਰਾਨ ਅਗਲੇ ਸਾਲ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਵਲੋਂ ਐਸ.ਸੀ. ਭਾਈਚਾਰੇ ਨੂੰ ਭਰਮਾਉਣ ਦੀ ਕੀਤੀ ਜਾ ਰਹੀ ਸਾਜਿਸ਼ ਬਾਰੇ ਵਿਚਾਰਾਂ ਹੋਈਆਂ। ਸੌਰਵ ਖੁੱਲਰ ਨੇ ਅੱਜ ਇੱਥੇ ਇਸ ਮੀਟਿੰਗ ਸਬੰਧੀੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੌਸ਼ਨ ਸੱਭਰਵਾਲ ਦੇ ਨਾਲ ਮਿਲ ਕੇ ਪੂਰੇ ਜਿਲ੍ਹੇ ਦੇ ਐਸ.ਸੀ. ਸਮਾਜ ਨੂੰ ਵਿਰੋਧੀਆਂ ਦੀਆਂ ਸਾਜਿਸ਼ਾਂ ਤੋਂ ਸੁਚੇਤ ਕੀਤਾ ਜਾਵੇਗਾ ਅਤੇ ਜਾਤੀ ਧਰਮ ਤੋਂ ਉਪਰ ਉਠ ਕੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਬਨਾਉਣ ਦੀ ਰਣਨੀਤੀ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂਆਂ ਵਲੋਂ ਦਲਿਤ ਸੀ.ਐਮ. ਜਾਂ ਡਿਪਟੀ ਸੀ.ਐਮ. ਬਨਾਉਣ ਦੇ ਝੂਠੇ ਸਬਜਬਾਗ ਦਿਖਾ ਕੇ ਐਸ.ਸੀ. ਸਮਾਜ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜਦਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਐਸ.ਸੀ. ਸਮਾਜ ਸਮੇਤ ਹਰ ਵਰਗ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਹੈ। ਐਸ.ਸੀ. ਸਮਾਜ ਨੂੰ ਲੋਕਸਭਾ ਸਪੀਕਰ, ਭਾਰਤ ਦੇ ਰਾਸ਼ਟਰਪਤੀ ਤੋਂ ਲੈ ਕੇ ਸੁਪਰੀਮ ਕੋਰਟ ਦੇ ਜੱਜ ਵਰਗੇ ਸਮਾਨ ਜਨਕ ਅਹੁਦਿਆਂ ਨਾਲ ਨਵਾਜਿਆ ਹੈ। ਡਾ. ਮਨਮੋਹਨ ਸਿੰਘ ਦੇ ਰੂਪ ਵਿਚ ਪਹਿਲਾ ਸਿੱਖ ਪ੍ਰਧਾਨ ਮੰਤਰੀ ਤੇ ਜਾਕਿਰ ਹੁਸੈਨ ਵਜੋਂ ਪਹਿਲਾ ਮੁਸਲਿਮ ਰਾਸ਼ਟਰਪਤੀ ਵੀ ਕਾਂਗਰਸ ਪਾਰਟੀ ਨੇ ਦੇਸ਼ ਨੂੰ ਦਿੱਤਾ। ਜਿਸ ਤੋਂ ਸਪਸ਼ਟ ਹੈ ਕਿ ਕਾਂਗਰਸ ਪਾਰਟੀ ਨੇ ਐਸ.ਸੀ. ਸਮਾਜ ਨੂੰ ਜਿੱਥੇ ਉੱਚੇ ਅਹੁਦਿਆਂ ਨਾਲ ਨਵਾਜਿਆ ਉੱਥੇ ਹੀ ਜਾਤੀ ਅਤੇ ਧਰਮ ਤੋਂ ਉਪਰ ਉਠ ਕੇ ਹਮੇਸ਼ਾ ਕਾਬਲੀਅਤ ਨੂੰ ਤਰਜੀਹ ਦਿੱਤੀ ਹੈ। ਸੌਰਵ ਖੁੱਲਰ ਨੇ ਸਮੂਹ ਐਸ.ਸੀ. ਸਮਾਜ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਚੋਣਾਂ ਦੇ ਮੌਸਮ ‘ਚ ਵਿਰੋਧੀ ਧਿਰਾਂ ਵਲੋਂ ਦਿਖਾਏ ਜਾ ਰਹੇ ਸਬਜਬਾਗ ਤੋਂ ਸੁਚੇਤ ਰਹਿਣ ਕਿਉਂਕਿ ਐਸ.ਸੀ. ਸਮਾਜ ਦਾ ਹਿਤ ਕਾਂਗਰਸ ਪਾਰਟੀ ਦੇ ਨਾਲ ਜੁੜੇ ਰਹਿਣ ਵਿਚ ਹੀ ਹੈ।