ਜਲੰਧਰ  : ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਵਲੋਂ “ਵਿਸ਼ਵ ਹੈਪੇਟਾਈਟਸ ਦਿਵਸ” ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਵਿਸ਼ਵਵਿਆਪੀ ਹੈਪੇਟਾਈਟਸ ਦਿਵਸ ਆਮ ਲੋਕਾਂ ਨੂੰ ਹੈਪੇਟਾਈਟਸ ਰੋਗ ਦੀ ਰੋਕਥਾਮ, ਇਸ ਦੇ ਇਲਾਜ ਅਤੇ ਇਸ ਰੋਗ ਦੇ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਦੇਣ ਲਈ ਹਰ ਸਾਲ 28 ਜੁਲਾਈ ਨੂੰ ਮਨਾਇਆ ਜਾਂਦਾ ਹੈ।ਸਿਵਲ ਸਰਜਨ ਡਾ. ਚਾਵਲਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਇਸ ਮਹਾਂਮਾਰੀ ਤੋਂ ਬਚਾਓ ਲਈ ਜਿੱਥੇ ਮੂੰਹ ‘ਤੇ ਮਾਸਕ ਲਗਾ ਕੇ ਰੱਖਣਾ ਅਤੇ ਵਾਰ-ਵਾਰ ਹੱਥਾਂ ਨੂੰ ਸਾਬੁਣ ਨਾਲ ਧੋਣਾ ਜਰੂਰੀ ਹੈ ਉੱਥੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਵੀ ਅਤਿ ਮਹੱਤਵਪੂਰਨ ਹੈ ।ਮੰਗਲਵਾਰ ਨੂੰ ਵਿਸ਼ਵ ਹੈਪੇਟਾਈਟਸ ਦਿਵਸ ‘ਤੇ ਬੋਲਦਿਆਂ ਡਾ. ਚਾਵਲਾ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਆਮ ਲੋਕਾਂ ਨੂੰ ਸਮੂਹ ਵਿੱਚ ਇਕੱਠੇ ਕਰਕੇ ਜਾਣਕਾਰੀ ਦੇਣਾ ਠੀਕ ਨਹੀਂ ਪਰ ਸਿਹਤ ਵਿਭਾਗ ਵਲੋਂ ਸਮੇਂ – ਸਮੇਂ ‘ਤੇ ਪ੍ਰਿੰਟ/ਇਲੈੱਕਟਰੋਨਿਕ ਮੀਡੀਆ ਅਤੇ ਸ਼ੋਸ਼ਲ ਮੀਡੀਆ ਰਾਹੀਂ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਵਾਇਰਲ ਹੈਪੇਟਾਈਟਸ ਜਿਗਰ ਦੀ ਸੋਜਿਸ਼ ਹੈ ਅਤੇ ਇਹ ਵਾਇਰਲ ਇਨਫੈਕਸ਼ਨ ਕਾਰਨ ਹੁੰਦੀ ਹੈ ।ਇਹ ਵਾਇਰਲ ਮੁੱਖ ਤੌਰ ‘ਤੇ ਪੰਜ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਹੈਪੇਟਾਈਟਸ – ਏ , ਬੀ , ਸੀ , ਡੀ , ਅਤੇ ਈ ਹੁੰਦੇ ਹਨ ।ਹੈਪੇਟਾਈਟਸ – ਏ ਅਤੇ ਹੈਪੇਟਾਈਟਸ – ਈ ਦੂਸ਼ਿਤ ਪਾਣੀ ਪੀਣ ਅਤੇ ਭੋਜਨ ਖਾਣ ਨਾਲ ਹੁੰਦਾ ਹੈ ।ਹੈਪੇਟਾਈਟਸ ਏ ਅਤੇ ਈ ਤੋਂ ਬਚਣ ਲਈ ਸਾਫ ਸੁਥਰਾ ਪਾਣੀ ਅਤੇ ਖਾਣ ਪੀਣ ਦੀਆਂ ਸਾਫ ਸੁਥਰੀਆਂ ਵਸਤਾਂ ਦੀ ਵਰਤੋਂ ਸਾਫ ਹੱਥਾਂ ਨਾਲ ਕਰਨੀ ਚਾਹੀਦੀ ਹੈ ।ਹੈਪੇਟਾਈਟਸ ਦੀਆਂ ਹੋਰ ਕਿਸਮਾਂ ਖੂਨ ਰਾਂਹੀ ਅੱਗੇ ਫੈਲਦੀਆਂ ਹਨ । ਹੈਪੇਟਾਈਟਸ – ਬੀ ਅਤੇ ਹੈਪੇਟਾਈਟਸ – ਸੀ ਦੂਸ਼ਿਤ ਖੂਨ,ਖੂਨ ਵਾਲੇ ਉਤਪਾਦਾਂ ਅਤੇ ਦੂਸ਼ਿਤ ਸੂਈਆਂ ਨਾਲ ਹੁੰਦਾ ਹੈ ।ਇਹ ਟੈਟੂ ਬਣਵਾਉਣ ਨਾਲ,ਜਨਮ ਸਮੇਂ ਮਾਂ ਤੋਂ ਬੱਚੇ ਨੂੰ ਅਤੇ ਅਸੁਰੱਖਿਅਤ ਸਰੀਰਿਕ ਸੰਪਰਕ ਨਾਲ ਫੈਲਦਾ ਹੈ ।ਇਹ ਬਿਮਾਰੀ ਨਸ਼ਿਆਂ ਦੇ ਟੀਕਿਆਂ ਦੀ ਵਰਤੋਂ ਕਰਨ ਵਾਲਿਆਂ ਵਿੱਚ ਸਾਂਝੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਨਾਲ ਅਤੇ ਕਿਸੇ ਨੂੰ ਦੂਸ਼ਿਤ ਖੂਨ ਚੜ੍ਹਾਉਣ ਜਾਂ ਦੂਸ਼ਿਤ ਸੂਈਆਂ ਦੀ ਸਾਂਝੀ ਵਰਤੋਂ ਕਰਨ,ਦੰਦਾਂ ਦੇ ਬੁਰਸ਼ ਤੇ ਦਾੜ੍ਹੀ ਕੱਟਣ ਵਾਲੇ ਉਸਤਰੇ ਆਪਸ ਵਿੱਚ ਸਾਂਝੇ ਕਰਨ ਨਾਲ ਵੀ ਫੈਲਦੀ ਹੈ । ਹੈਪੇਟਾਈਟਸ ਰੋਗ ਦੇ ਲੱਛਣਾਂ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਇਸ ਰੋਗ ਤੋਂ ਪੀੜ੍ਹਿਤ ਮਰੀਜ਼ ਵਿੱਚ ਬੁਖਾਰ ਹੋਣਾ , ਥਕਾਵਟ ਮਹਿਸੂਸ ਕਰਨਾ , ਭੁੱਖ ਘੱਟ ਲੱਗਣਾ , ਜੀਅ ਕੱਚਾ ਹੋਣਾ , ਉਲਟੀਆਂ ਆਉਣਾ,ਪੀਲੀਆ ਆਦਿ ਲੱਛਣ ਮਹਿਸੂਸ ਕੀਤੇ ਜਾ ਸਕਦੇ ਹਨ । ਹੈਪੇਟਾਈਟਸ ਬੀ ਅਤੇ ਸੀ ਦੀ ਰੋਕਥਾਮ ਲਈ ਸਾਰੇ ਨਵ ਜਨਮੇ ਬੱਚਿਆਂ ਦਾ ਹੈਪੇਟਾਈਟਸ ਟੀਕਾਕਰਨ ਜਰੂਰੀ ਹੈ ।ਟੀਕਾਕਰਨ ਲਈ ਸਟਰਲਾਈਜ਼ਡ ਸੂਈਆਂ ਦੀ ਹੀ ਵਰਤੋਂ ਕੀਤੀ ਜਾਵੇ ।ਪੰਜਾਬ ਸਰਕਾਰ ਵਲੋਂ ਹੈਪੇਟਾਈਟਸ ਦੀ ਰੋਕਥਾਮ ਲਈ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ ਬੀ ਅਤੇ ਸੀ ਦੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਰਾਜ ਦੇ 22 ਜਿਲ੍ਹਾ ਹਸਪਤਾਲਾਂ, 03 ਮੈਡੀਕਲ ਕਾਲਜਾਂ , 02 ਸਬ ਡਿਵੀਜ਼ਨਲ ਹਸਪਤਾਲਾਂ, 13 ਏ.ਆਰ.ਟੀ.ਕੇਂਦਰਾਂ ਅਤੇ 11 ਓ.ਐਸ.ਟੀ. ਕੇਂਦਰਾਂ ਵਿੱਚ ਦਿੱਤੀਆਂ ਜਾਂਦੀਆਂ ਹਨ।ਹੈਪੇਟਾਈਟਸ ਬੀ ਅਤੇ ਸੀ ਦੀ ਜਾਂਚ ਮੁਫਤ ਕੀਤੀ ਜਾਂਦੀ ਹੈ ।ਮੈਡੀਕਲ ਸਪੈਸ਼ਲਿਸਟਾਂ ਦੀ ਨਿਗਰਾਨੀ ਹੇਠ ਹੈਪੇਟਾਈਟਸ ਸੀ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ ।