ਫਗਵਾੜਾ, 1 ਫਰਵਰੀ (ਸ਼ਿਵ ਕੋੜਾ) ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਸਮਰਪਿਤ ਸਕੇਪ-ਸਾਹਿਤਕ ਸੰਸਥਾ ਦੁਆਰਾ ਮਹੀਨਵਾਰ ਕਵੀ ਦਰਬਾਰ ਉਘੇ ਗ਼ਜ਼ਲਗੋ ਬਲਦੇਵ ਰਾਜ ਕੋਮਲ ਅਤੇ ਪ੍ਰੋ. ਓਮ ਪ੍ਰਕਾਸ਼ ਸੰਦਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਕਵੀ ਦਰਬਾਰ `ਚ ਦੋ ਦਰਜਨ ਦੇ ਕਰੀਬ ਲੇਖਕਾਂ ਅਤੇ ਸਾਹਿਤਕਾਰਾਂ ਨੇ ਹਿੱਸਾ ਲਿਆ। ਸਮਾਗਮ ਦਾ ਆਰੰਭ ਦਿੱਲੀ ਕਿਸਾਨ ਮੋਰਚੇ `ਚ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕਰਕੇ ਕੀਤਾ ਗਿਆ। ਕਵੀ ਦਰਬਾਰ ਵਿੱਚ ਕਿਸਾਨੀ ਸੰਘਰਸ਼ ਦੀ ਝੱਲਕ ਸਾਫ਼ ਦੇਖੀ ਗਈ। ਕਵੀ ਦਰਬਾਰ `ਚ ਹਿੱਸਾ ਲੈਣ ਵਾਲਿਆਂ `ਚ ਉਰਮਲਜੀਤ ਸਿੰਘ ਵਾਲੀਆ, ਰਵਿੰਦਰ ਚੋਟ ਉਸਤਾਦ ਸ਼ਾਇਰ ਭਜਨ ਸਿੰਘ ਵਿਰਕ, ਗ਼ਜ਼ਲਗੋ ਮਨੋਜ ਫਗਵਾੜਵੀ, ਕਵੀ ਸੁਖਦੇਵ ਸਿੰਘ ਗੰਢਵਾਂ, ਅਵਤਾਰ ਸਿੰਘ ਰੰਧਾਵਾ, ਆਜ਼ਾਦ ਰੰਗ ਮੰਚ ਤੋਂ ਬੀਬਾ ਕੁਲਵੰਤ, ਲਸ਼ਕਰ ਸਿੰਘ, ਸੀਤਲ ਰਾਮ ਬੰਗਾ, ਬਚਨ ਗੁੜਾ, ਸੁਬੇਗ ਸਿੰਘ ਹੰਝਰਾ, ਨਰੰਜਨ ਸਿੰਘ ਪਰਵਾਨਾ, ਦਿਲਬਹਾਰ ਸ਼ੌਕਤ, ਜਸਵਿੰਦਰ ਸਿੰਘ ਹਮਦਰਦ ਆਦਿ ਹਾਜ਼ਿਰ ਸਨ। ਕਵੀਆਂ ਨੇ ਇੱਕਜੁੱਟ ਹੋ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਪਰਵਿੰਦਰ ਜੀਤ ਸਿੰਘ ਦੁਆਰਾ ਨਿਭਾਈ ਗਈ। ਬਲਦੇਵ ਰਾਜ ਕੋਮਲ ਨੇ ਆਪਣੇ ਪ੍ਰਧਾਨਗੀ ਭਾਸ਼ਣ `ਚ ਕਵੀਆਂ ਵੱਲੋਂ ਸੁਣਾਈਆਂ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਕਿਸਾਨੀ ਸੰਘਰਸ਼ ਨੇ ਲੇਖਕਾਂ ਦੀ ਕਲਮ ਨੂੰ ਤਿੱਖਿਆ ਕੀਤਾ ਹੈ। ਲੇਖਕਾਂ ਨੇ ਸੱਚ ਦਾ ਸਾਥ ਦਿੱਤਾ ਹੈ। ਹੋਰਾਂ ਤੋਂ ਇਲਾਵਾ ਕਵੀ ਦਰਬਾਰ ਵਿੱਚ ਮਨਦੀਪ ਸਿੰਘ, ਦਰਸ਼ਨ ਕਟਾਰੀਆ, ਰਣਜੀਤ ਕੁਮਾਰ ਉਰਫ ਗਮਰੂ ਬਾਂਸਲ, ਕਸ਼ਮੀਰ ਸਿੰਘ ਆਦਿ ਹਾਜ਼ਿਰ ਸਨ।