ਫਗਵਾੜਾ, 08 ਫਰਵਰੀ (ਸ਼ਿਵ ਕੋੜਾ) ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵਲੋਂ “ਕਿਸਾਨੀ ਅੰਦੋਲਨ: ਮੌਜੂਦਾ ਹਾਲਤ ਵੇਲੇ ਸਿਆਸੀ ਪਾਰਟੀਆਂ ਦੀ ਭੂਮਿਕਾ”, ਵਿਸ਼ੇ ਤੇ ਕਰਵਾਏ ਗਏ ਪੰਦਰਾਂ ਰੋਜ਼ਾ ਵੈਬੀਨਾਰ ਵਿੱਚ ਬੋਲਦਿਆਂ ਮੁੱਖ ਬੁਲਾਰੇ ਡਾ: ਕੇਹਰ ਸਿੰਘ ਨੇ ਇਹ ਮੰਨਿਆ ਕਿ ਕਿਸਾਨ ਅੰਦੋਲਨ ਸਿਰਫ ਪੰਜਾਬ ਦੀ ਕਿਸਾਨੀ ਨਾਲ ਹੀ ਨਹੀਂ ਸਗੋਂ ਸਾਰੇ ਭਾਰਤ ਦੀ ਕਿਸਾਨੀ ਨਾਲ ਜੁੜਿਆ ਹੋਇਆ ਹੈ। ਇਸ ਵਿੱਚ ਬੀ.ਜੇ.ਪੀ. ਤੋਂ ਬਿਨਾਂ ਤਕਰੀਬਨ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਅਸਿੱਧੇ ਤੌਰ ਤੇ ਜੁੜੀਆਂ ਹੋਈਆਂ ਹਨ। ਇਸ ਅੰਦੋਲਨ ਵਿੱਚ ਅਜੰਡਾ ਸਿਆਸੀ ਪਾਰਟੀਆਂ ਨਹੀਂ ਸਗੋਂ ਕਿਸਾਨ ਲੀਡਰ ਹੀ ਤਹਿ ਕਰਦੇ ਹਨ। ਸਿਆਸਤ ਤਾਂ ਤਾਕਤ ਦੀ ਖੇਡ ਹੈ ਜੇਕਰ ਸਿਆਸੀ ਪਾਰਟੀਆਂ ਇਸ ਸੰਘਰਸ਼ ਨਾਲ ਸਿੱਧੇ ਤੌਰ ਤੇ ਜੁੜੀਆਂ ਹੁੰਦੀਆਂ ਤਾਂ ਇਹ ਖੇਡ ਵਿਗਾੜ ਵੀ ਸਕਦੀਆਂ ਸਨ ਕਿਉਂਕਿ ਉਹਨਾਂ ਦਾ ਮੰਤਵ ਵੋਟ ਬੈਂਕ ਨਾਲ ਹੁੰਦਾ ਹੈ। ਕਿਸਾਨਾਂ ਦੇ ਮੁੱਦੇ ਇਕੱਠੇ ਹਨ ਪਰ ਸਿਆਸੀ ਪਾਰਟੀਆਂ ਦੇ ਮੁੱਦੇ ਕਦੇ ਵੀ ਇਕੱਠੇ ਨਹੀਂ ਹੋ ਸਕਦੇ। ਸਿਆਸੀ ਪਾਰਟੀਆਂ ਦੀ ਵੋਟ ਬੈਂਕ ਕਿਸੇ ਖਿਤੇ ਵਿੱਚ ਕਿਸ ਤਰ੍ਹਾਂ ਦੀ ਹੈ ਉਸੇ ਤੇ ਉਹਨਾਂ ਦੇ ਮੁੱਦੇ ਨਿਰਭਰ ਕਰਦੇ ਹਨ। ਜੇਕਰ ਉਹਨਾਂ ਦੀ ਵੋਟ ਬੈਂਕ ਨੂੰ ਕੋਈ ਸਿੱਧਾ ਸੇਕ ਨਾ ਲੱਗਦਾ ਹੋਵੇ ਤਾਂ ਉਹ ਕਿਸੇ ਗੱਲ ਨਾਲ ਸਹਿਮਤੀ ਪ੍ਰਗਟ ਨਹੀਂ ਕਰਦੀਆਂ। ਅਕਾਲੀ ਪਾਰਟੀ ਦਾ ਅਧਾਰ ਜ਼ਿਆਦਾ ਪਿੰਡਾਂ `ਚ ਹੈ ਤੇ ਬੀ.ਜੇ.ਪੀ. ਦਾ ਅਧਾਰ ਜ਼ਿਆਦਾ ਸ਼ਹਿਰਾਂ ਵਿੱਚ ਹੈ, ਇਸ ਲਈ ਉਹਨਾਂ ਦੋਵਾਂ ਦੀ ਸੋਚ ਵੱਖਰੀ ਹੀ ਰਹੇਗੀ। ਉਹਨਾਂ ਇਹ ਵੀ ਇਸ਼ਾਰਾ ਕੀਤਾ ਕਿ ਬੀ.ਜੇ.ਪੀ. ਦੇ ਗਰੇਵਾਲ ਅਤੇ ਜਿਆਣੀ ਕਿਸਾਨੀ ਅੰਦੋਲਨ ਦੀ ਕੋਈ ਕਮਜ਼ੋਰ ਕੜੀ ਲੱਭਦੇ ਰਹੇ ਪਰ ਸਫਲ ਨਹੀਂ ਹੋਏ।
ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ ਕਰਵਾਏ ਗਏ ਅੰਤਰਰਾਸ਼ਟਰੀ ਵੈਬੀਨਾਰ ਦੀ ਕਾਰਵਾਈ ਪ੍ਰੈੱਸ ਦੇ ਨਾਮ ਰਲੀਜ਼ ਕਰਦਿਆਂ ਮੀਡੀਆ ਕੋਆਰਡੀਨੇਟਰ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਡਾ: ਕੇਹਰ ਸਿੰਘ ਨੇ ਮੌਜੂਦਾ ਅੰਦੋਲਨ ਸਮੇਂ ਸਿਆਸੀ ਪਾਰਟੀਆਂ ਦੀ ਚੀਰ ਫਾੜ ਕਰਦਿਆਂ ਦੱਸਿਆ ਕਿ ਹੁਣ ਸਿਆਸੀ ਪਾਰਟੀਆਂ ਦੋ ਵਿਧਾਂ ਵਿੱਚ ਹਨ- ਕਿਸਾਨੀ ਅੰਦੋਲਨ ਦੇ ਸਫਲ ਹੋਣ ਵਿੱਚ ਵੀ ਉਹ ਨੁਕਸਾਨ ਸਮਝਦੀਆਂ ਹਨ ਅਤੇ ਇਸ ਦੇ ਫੇਲ੍ਹ ਹੋਣ ਵਿੱਚ ਵੀ ਉਹਨਾਂ ਨੂੰ ਨੁਕਸਾਨ ਦਾ ਖਦਸ਼ਾ ਹੈ। ਜੇਕਰ ਇਹ ਸੰਘਰਸ਼ ਸਫਲ ਹੋ ਜਾਂਦਾ ਹੈ ਤਾਂ ਕਿਸਾਨਾਂ ਵਿਚੋਂ ਨਿਕਲੇ ਲੀਡਰ ਵੀ ਸਿਆਸੀ ਪਿੜਾਂ ਵਿੱਚ ਆ ਸਕਦੇ ਹਨ। ਉਹ ਹੀ ਪੰਜਾਬ ਤੇ ਹਰਿਆਣੇ ਵਿੱਚ ਸਿਆਸੀ ਲੀਡਰ ਬਣ ਸਕਦੇ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਤਾਂ ਅਕਾਲੀ ਪਾਰਟੀ ਤੇ ਕਾਂਗਰਸ ਹੀ ਮੁੱਖ ਸਿਆਸੀ ਧਿਰਾਂ ਹਨ। ਕੇਂਦਰ ਸਰਕਾਰ ਦਾ ਇਹ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਖਾਸ ਤੌਰ ਤੇ ਇਸ ਅੰਦੋਲਨ ਨੂੰ ਹਵਾ ਦੇ ਰਹੀ ਹੈ। ਰਾਜਸਥਾਨ ਤੇ ਹਰਿਆਣੇ ਵਿੱਚ ਖਾਪ ਪੰਚਾਇਤਾਂ ਅਤੇ ਮਹਾਂ ਪੰਚਾਇਤਾਂ ਰਾਹੀਂ ਅੱਗੇ ਆਏ ਜਾਟ ਵੀ ਬੀ.ਜੇ.ਪੀ. ਦੀ ਵੋਟ ਬੈਂਕ ਨੂੰ ਖੋਰਾ ਲਗਾ ਸਕਦੀ ਹੈ। ਯੂ.ਪੀ. ਵਿੱਚ ਵੀ ਜਾਟਾਂ ਦੇ ਇਕੱਠ ਨੇ ਬੀ.ਜੇ.ਪੀ. ਨੂੰ ਨੁਕਸਾਨ ਪਹੁੰਚਾਉਣਾ ਹੈ। ਇਹ ਅੰਦੋਲਨ ਕੇਂਦਰ ਸਰਕਾਰ ਨੂੰ ਬਹੁਤ ਮਹਿੰਗਾ ਪੈਣਾ ਹੈ। ਕਿਉਂਕਿ ਉਹ ਅਜੇ ਵੀ ਢੀਠਤਾ ਤੇ ਨਿਰਬਲਤਾ ਨਾਲ ਇਹ ਪੁੱਛ ਰਹੀ ਹੈ, ਕਿ ਇਹਨਾਂ ਕਾਨੂੰਨਾਂ ਵਿੱਚ ਕਾਲਾ ਕੀ ਹੈ ਜਦੋਂ ਕਿ ਸਾਰੀ ਦਾਲ ਹੀ ਕੋਕੜੂਆਂ ਨਾਲ ਭਰੀ ਪਈ ਹੈ। ਉਸ ਦੇ ਸਾਰੇ ਪੱਤੇ ਜਿਵੇਂ ਖਾਲਿਸਤਾਨੀ, ਅਤਿਵਾਦੀ, ਵੱਖਵਾਦੀ ਸਭ ਫੇਲ੍ਹ ਹੋ ਚੁੱਕੇ ਹਨ। ਹੁਣ ਤਾਂ ਸੁਪਰੀਮ ਕੋਰਟ ਨੇ ਵੀ ਇਹ ਮੰਨ ਲਿਆ ਹੈ ਕਿ ਪੁਰ ਅਮਨ ਅੰਦੋਲਨ ਕਰਨਾ ਹਰ ਸ਼ਹਿਰੀ ਦਾ ਹੱਕ ਹੈ। ਇਸ ਅੰਦੋਲਨ ਦੀ ਮਜ਼ਬੂਤੀ ਇਸ ਗੱਲ ਵਿੱਚ ਹੈ ਕਿ ਇਸ ਦੀ ਲੀਡਰਸ਼ਿਪ ਪੜ੍ਹੀ ਲਿਖੀ, ਪਰੋੜ ਅਤੇ ਆਰਥਿਕ ਤੌਰ ਤੇ ਸੰਪੰਨ ਹੈ। ਬੀ.ਜੇ.ਪੀ. ਦੀ ਅੰਤਰਰਾਸ਼ਟਰੀ ਪੱਧਰ ਤੇ ਵੀ ਸਿਆਸੀ ਜ਼ਮੀਨ ਖਿਸਕ ਰਹੀ ਹੈ। ਜਦੋਂ ਤੱਕ ਕੇਂਦਰ ਸਰਕਾਰ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਆਪਣੀ ਵੋਟ ਬੈਂਕ ਅਤੇ ਸਿਆਸੀ ਇਮੇਜ਼ ਗੁਆ ਰਹੀ ਹੈ ਉਨੀ ਦੇਰ ਇਹ ਸੰਘਰਸ਼ ਲੰਮਾ ਚਲੇਗਾ। ਉਹਨਾ ਇਹ ਸੁਝਾਅ ਦਿੱਤਾ ਕਿ ਸਿਆਸੀ ਪਾਰਟੀਆਂ ਦੀ ਵੀ ਲੋੜ ਹੈ ਅਤੇ ਉਹਨਾ ਨੂੰ ਪਿੱਛੇ ਰਹਿ ਕੇ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ। ਇਸੇ ਗੱਲ ਨੂੰ ਅੱਗੇ ਤੋਰਦਿਆਂ ਡਾ: ਹਰਜਿੰਦਰ ਵਾਲੀਆ ਨੇ ਆਖਿਆ ਕਿ ਸਿਆਸੀ ਪਾਰਟੀਆਂ ਨੂੰ ਦੂਰ ਰੱਖ ਕੇ ਕਿਸਾਨ ਜੱਥੇਬੰਦੀਆਂ ਨੇ ਚੰਗੀ ਗੱਲ ਕੀਤੀ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਸਿਆਸੀ ਪਾਰਟੀਆਂ ਦੀ ਭਾਗੀਦਾਰੀ ਬਾਰੇ ਸੋਚਿਆ ਜਾਵੇ। ਉਹਨਾ ਵਿਚੋਲਗਿਰੀ ਲਈ ਵੀ ਵੱਡੇ ਤੇ ਸਿਆਣੇ ਸਿਆਸੀ ਲੀਡਰਾਂ ਦੀ ਸੇਵਾਵਾਂ ਦਾ ਸੁਝਾਅ ਵੀ ਦਿੱਤਾ ਪਰ ਡਾ: ਐਸ.ਪੀ. ਸਿੰਘ ਨੇ ਉਹਨਾ ਦੀ ਇਸ ਗੱਲ ਨੂੰ ਨਕਾਰਦਿਆਂ ਆਖਿਆ ਕਿ ਇਸ ਗੱਲ ਨਾਲ ਨੁਕਸਾਨ ਹੋ ਸਕਦਾ ਹੈ, ਕਿਉਂਕਿ ਸਿਆਸੀ ਪਾਰਟੀਆਂ ਹਮੇਸ਼ਾ ਸੌਦੇਬਾਜ਼ੀ ਕਰਦੀਆਂ ਹਨ। ਇਸੇ ਤਰ੍ਹਾਂ ਵਰਿੰਦਰ ਸ਼ਰਮਾ ਐਮ.ਪੀ. ਯੂ.ਕੇ. ਅਤੇ ਪ੍ਰੋ: ਰਣਜੀਤ ਸਿੰਘ ਧੀਰ ਕਿਹਾ ਕਿ ਕਿਸਾਨੀ ਸੰਘਰਸ਼ ਨੇ ਦੁਨੀਆ ਦੇ ਪੱਧਰ ਤੇ ਪ੍ਰਭਾਵ ਕਾਇਮ ਕੀਤਾ ਹੈ। ਸਰਕਾਰ ਨੂੰ ਇਹ ਕਾਨੂੰਨ ਵਾਪਿਸ ਲੈ ਲੈਣੇ ਚਾਹੀਦੇ ਹਨ। ਫਿਰ ਇਹਨਾ ਨੂੰ ਜਨਤਕ ਮੰਥਨ ਤੋਂ ਬਾਅਦ ਇਹਨਾਂ ‘ਤੇ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ। ਡਾ: ਆਸਾ ਸਿੰਘ ਘੁੰਮਣ ਅਤੇ ਰਵਿੰਦਰ ਸਹਿਰਾਅ ਕਿ ਅੰਦੋਲਨ ਦੀ ਦਿੱਖ ਕਿਸਾਨੀ ਹੀ ਰਹਿਣੀ ਚਾਹੀਦੀ ਹੈ। ਸਰਕਾਰ ਨੂੰ ਫ਼ੈਸਲਾ ਲੈਣ ਵਿੱਚ ਏਨੀ ਦੇਰ ਨਹੀਂ ਕਰਨੀ ਚਾਹੀਦੀ ਸੀ। ਜਗਦੀਪ ਸਿੰਘ ਕਾਹਲੋਂ ਨੇ ਆਖਿਆ ਕਿ ਨੌਜਵਾਨਾਂ ਨੂੰ ਇਸ ਸੰਘਰਸ਼ ਨੇ ਸਿਆਸਤ ਦੀ ਸਮਝ ਦੇ ਦਿੱਤੀ ਹੈ। ਕੇਹਰ ਸ਼ਰੀਫ ਨੇ ਜਰਮਨੀ ਤੋਂ ਆਖਿਆ ਕਿ ਕੇਂਦਰ ਨੂੰ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਨਹੀਂ ਮਾਰਨਾ ਚਾਹੀਦਾ। ਐਡਵੋਕੇਟ ਐਸ.ਐਲ.ਵਿਰਦੀ ਨੇ ਮਜ਼ਦੂਰ ਵਰਗ ਦੇ ਸਬੰਧ ਵਿੱਚ ਆਏ ਬਿੱਲਾਂ ਬਾਰੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਇਹਨਾ ਬਿੱਲਾਂ ‘ਤੇ ਵੀ ਗੱਲ ਕਰਨੀ ਜ਼ਰੂਰੀ ਹੈ। ਵੈਬੀਨਾਰ ਵਿੱਚ ਉੱਠੇ ਸਵਾਲ ਜ਼ੁਆਬ ਦੇਣ ਸਮੇਂ ਡਾ: ਕੇਹਰ ਸਿੰਘ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਇਹ ਅੰਦੋਲਨ ਦੇ ਸਮਾਜਿਕ ਪ੍ਰਭਾਵ ਬਹੁਤਾ ਦੇਰ ਨਹੀਂ ਰਹਿਣਗੇ ਸਗੋਂ ਸਭ ਕੁਝ ਪਹਿਲਾਂ ਵਾਂਗ ਹੀ ਹੋ ਜਾਵੇਗਾ। ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ, ਵਿਸ਼ਵਾ ਮਿੱਤਰ, ਮਨਦੀਪ ਸਿੰਘ, ਮਲਕੀਤ ਸਿੰਘ ਆਦਿ ਨੇ ਵੀ ਇਸ ਵੈਬੀਨਾਰ ਵਿੱਚ ਆਪਣਾ ਹਿੱਸਾ ਪਾਇਆ। ਅੰਤ ਵਿੱਚ ਗੁਰਮੀਤ ਸਿੰਘ ਪਲਾਹੀ ਨੇ ਖ਼ਾਸ ਤੌਰ ਪਰਵਿੰਦਰਜੀਤ ਸਿੰਘ ਅਤੇ ਰਵਿੰਦਰ ਚੋਟ ਦਾ ਧੰਨਵਾਦ ਕੀਤਾ, ਜੋ ਸਾਰੇ ਵੈਬੀਨਾਰ ਦਾ ਟੈਕਨੀਕਲੀ ਪ੍ਰਬੰਧ ਕਰਦੇ ਅਤੇ ਚਲਾਉਂਦੇ ਹਨ। ਉਹਨਾ ਨੇ ਬਾਕੀ ਸਾਰੇ ਵਕਤਾਵਾਂ ਦਾ ਵੀ ਧੰਨਵਾਦ ਕੀਤਾ।