ਫਗਵਾੜਾ 10 ਅਗਸਤ (ਸ਼ਿਵ ਕੋੜਾ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਸ਼ਹਿਰ ਦੇ ਵਾਰਡ ਨੰਬਰ 37 ਦੀਆਂ ਵਸਨੀਕ ਔਰਤਾਂ ਨੂੰ ਆਪਣੇ ਘਰਾਂ ਵਿਚ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਗਿੱਲੇ ਕੂੜੇ ਨਾਲ ਘਰ ਵਿਚ ਹੀ ਖਾਦ ਬਨਾਉਣ ਦੀ ਟ੍ਰੇਨਿੰਗ ਦੇਣ ਸੰਬੰਧੀ ਇਕ ਸੈਮੀਨਾਰ ਦਾ ਆਯੋਜਨ ਖੇੜਾ ਰੋਡ ਵਿਖੇ ਕੀਤਾ ਗਿਆ। ਜਿਸ ਵਿਚ ਵਾਰਡ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਹ ਟ੍ਰੇਨਿੰਗ ਸਵੱਛ ਭਾਰਤ ਮਿਸ਼ਨ ਦੇ ਫਸੇਲੀਟੇਟਰ ਬੂਟਾ ਸਿੰਘ ਜੋ ਕਿ ਨਗਰ ਨਿਗਮ ਫਗਵਾੜਾ ਵਿਚ ਨਿਯੁਕਤ ਹਨ, ਉਹਨਾਂ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਦਿੱਤੀ। ਉਹਨਾਂ ਦੱਸਿਆ ਕਿ ਰਸੋਈ ਵਿਚੋਂ ਨਿਕਲੇ ਗਿੱਲੇ ਕੂੜੇ ਨੂੰ ਘਰ ਵਿਚ ਦੱਬ ਕੇ ਅਤੇ ਜੇਕਰ ਜਗ੍ਹਾ ਨਾ ਹੋਵੇ ਤਾਂ ਕਿਸੇ ਘੜੇ ਵਿਚ ਪਾ ਕੇ ਉਸ ਉੱਪਰ ਥੋੜੀ ਮਿੱਟੀ ਪਾ ਕੇ ਢੱਕ ਦੇਣਾ ਚਾਹੀਦਾ ਹੈ। ਜਿਸ ਤੋਂ 40 ਦਿਨ ਬਾਅਦ ਇਹ ਕੂੜਾ ਖਾਦ ਬਣ ਜਾਵੇਗਾ। ਜਿਸਦਾ ਇਸਤੇਮਾਲ ਘਰ ਦੀਆਂ ਕਿਆਰੀਆਂ ਜਾਂ ਗਮਲੇ ਵਿਚ ਲਗਾਏ ਬੂਟਿਆਂ ਲਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਹਨਾਂ ‘ਜੀਵਾ ਅੰਮ੍ਰਿਤ’ ਵਿਧੀ ਵੀ ਦੱਸੀ। ਉਹਨਾਂ ਦੱਸਿਆ ਕਿ ਇਹ ਅੰਮ੍ਰਿਤ ਤਿਆਰ ਕਰਨ ਲਈ ਦਸ ਕਿੱਲੋ ਗਉ ਗੋਬਰ, ਦਸ ਕਿੱਲੋ ਗਉ ਮੂਤਰ, ਪੰਜਾਹ ਕਿੱਲੋ ਪਾਣੀ, 2 ਕਿੱਲੋ ਬੇਸਨ, ਇਕ ਕਿੱਲੋ ਗੁੜ, ਇਕ ਕਿੱਲੋ ਬੋਹੜ ਦੀਆਂ ਜੜ੍ਹਾਂ ਵਿਚਲੀ ਮਿੱਟੀ ਅਤੇ ਇਕ ਕਿੱਲੋ ਸੰਤਰੇ ਮੁਸੱਮੀ ਦੇ ਛਿੱਲੜ ਨੂੰ ਇਕ ਡਰਮ ਵਿਚ ਪਾ ਕੇ ਘੋਲ ਬਨਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ, ਵਿਸ਼ਵਾ ਮਿੱਤਰ ਸ਼ਰਮਾ, ਰਾਮ ਲੁਭਾਇਆ, ਬਲਦੇਵ ਸ਼ਰਮਾ, ਮੋਹਨ ਲਾਲ ਤਨੇਜਾ, ਰਾਜਕੁਮਾਰ, ਮਨੀਸ਼ ਕਨੌਜੀਆ, ਐਸ.ਸੀ. ਚਾਵਲਾ, ਕਾਂਤਾ ਸ਼ਰਮਾ, ਵੰਦਨਾ ਸ਼ਰਮਾ ਆਦਿ ਹਾਜਰ ਸਨ