
ਜਲੰਧਰ: ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਵੀ ਸਿੱਖ ਪੰਥ ਪ੍ਰਫੁੱਲਿਤ ਨਹੀਂ ਹੋ ਰਿਹਾ ਅਤੇ ਸ਼ਾਇਦ ਸਾਨੂੰ ਇਹ ਸੋਚਣ ਦਾ ਸਮਾਂ ਹੀ ਨਹੀਂ, ਕਦੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ। ਪਰ ਇਹ ਸਵਾਲ ਇਕ ਮਹਾਨ ਧਾਰਮਿਕ ਸਮਾਗਮ ਦੇ ਦੌਰਾਨ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਕੀਤਾ ਕਿ ਸਾਡਾ ਪੰਥ ਕਿਉਂ ਘੱਟ ਰਿਹਾ ਹੈ ਅਤੇ ਬੜੇ ਵਿਸਤਾਰ ਨਾਲ ਇਹ ਵੀ ਚੇਤੇ ਕਰਵਾਇਆ ਕਿ ਅਸੀਂ ਭਾਵ ਸਾਡਾ ਸਿੱਖ ਪੰਥ ਵਧਿਆ ਕਿਵੇਂ ਅਤੇ ਹੁਣ ਸਾਡੀਆਂ ਕਿਹੜੀਆਂ ਕਮੀਆਂ ਕਰਕੇ ਘੱਟ ਰਿਹਾ ਹੈ ? ਇਸ ਸੱਚਾਈ ਤੋਂ ਸਾਰੇ ਹੀ ਜਾਣੂ ਹੋਣਗੇ ਕਿ ਸਾਡਾ ਸਿੱਖ ਪੰਥ ਕਿਵੇਂ ਹੋਂਦ ਵਿੱਚ ਆਇਆ ? ਸਾਡਾ ਸਿੱਖ ਪੰਥ, ਕਲਿਜੁਗ ਦੇ ਅਵਤਾਰ ਸਤਿਗੁਰੂ ਨਾਨਕ ਦੇਵ ਜੀ ਦੁਆਰਾ ਸਾਰੇ ਸੰਸਾਰ ਵਿੱਚ ਪ੍ਰਚਾਰ, ਸਾਰਿਆਂ ਨਾਲ ਪ੍ਰੇਮ ਅਤੇ ਉਹਨਾਂ ਦੇ ਸਦਉਪਦੇਸ਼ ਕਰਕੇ ਹੋਂਦ ਵਿੱਚ ਆਇਆ ਅਤੇ ਵਧਿਆ ਵੀ ਇਸੇ ਤਰ੍ਹਾਂ ਹੀ। ਇਸ ਦੇ ਨਾਲ ਹੀ ਉਹਨਾਂ ਨੂੰ ਆਪਣੀਆਂ ਪਰਾਲੌਕਿਕ ਸ਼ਕਤੀਆਂ ਵੀ ਵਿਖਾਉਣੀਆਂ ਪਈਆਂ, ਉਹਨਾਂ ਨੇ ਸਭ ਨੂੰ ਵੱਖ-ਵੱਖ ਰੂਪ ਵਿੱਚ ਦਰਸ਼ਨ ਦੇ ਕੇ ਲੋਕਾਂ ਦਾ ਭਲਾ ਕੀਤਾ, ਜਿਸ ਨਾਲ ਲੋਕੀ ਹੋਰ ਪ੍ਰਭਾਵਿਤ ਹੋਏ ਅਤੇ ਜਿਹੜੇ ਉਸ ਸਮੇਂ ਹਿੰਦੂ ਅਤੇ ਮੁਸਲਮਾਨ ਸ਼ਰਧਾਲੂ ਸਨ, ਉਹ ਸਾਰੇ ਉਹਨਾਂ ਦੇ ਚਰਣੀ ਲੱਗੇ ਅਤੇ ਜਿਹੜੇ ਹਿੰਦੂ ਸਨ, ਉਹਨਾਂ ਦੀ ਸ਼ਰਧਾ ਐਨੀ ਵੱਧ ਗਈ ਕਿ ਉਹ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ ਅਤੇ ਸਿੱਖ ਪੰਥ ਹੋਂਦ ਵਿੱਚ ਆਇਆ, ਕਹਿਣ ਦਾ ਭਾਵ ਜਦੋਂ ਕਿ ਕਿਸੇ ਨੇ ਅਜੇ ਅੰਮ੍ਰਿਤ ਨਹੀਂ ਸੀ ਛੱਕਿਆ, ਜਿਸਦੀ ਸ਼ਰਧਾ ਹੁੰਦੀ ਸੀ ਸਤਿਗੁਰੂ ਜੀ ਪ੍ਰਤੀ, ਸਤਿਗੁਰੂ ਜੀ ਦਾ ਚਰਨਾਮ੍ਰਿਤ ਛੱਕ ਕੇ ਹੀ ਸਿੱਖ ਸੱਜ ਜਾਂਦੇ ਸੀ। ਉਸ ਸਮੇਂ ਸਤਿਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਅਦ ਤੱਕ ਜਿਨ੍ਹੀ ਵੀ ਸਿੱਖੀ ਵਧੀ ਹਿੰਦੂਆਂ ਵਿੱਚੋ ਹੀ ਵਧੀ ਅਤੇ ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਿਨ੍ਹੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਉਹ ਵੀ ਸਾਰੇ ਹਿੰਦੂ ਹੀ ਸੀ ਅਤੇ ਅੰਮ੍ਰਿਤ ਛੱਕਣ ਤੋਂ ਬਗੈਰ ਜਿਹੜੇ ਸਿੱਖ ਸਤਿਗੁਰੂ ਜੀ ਦੇ ਨਾਲ ਰਹੇ ਉਹਨਾਂ ਵਿੱਚ ਵੀ ਮੁੱਖ ਰੂਪ ਨਾਲ ਭਾਈ ਕਨ੍ਹਈਆ ਜੀ, ਭਾਈ ਨੰਦਲਾਲ ਜੀ ਵਰਗੇ ਸਨ। ਇਸ ਪ੍ਰਕਾਰ ਜਦੋਂ ਅਸੀਂ ਆਪਣੇ ਪਿਛੋਕੜ ਵੱਲ ਝਾਤ ਮਾਰ ਕੇ ਵੇਖਦੇ ਹਾਂ ਤਾ ਪਤਾ ਲੱਗਦਾ ਹੈ ਕਿ ਸਾਡਾ ਸਿੱਖ ਪੰਥ ਹਿੰਦੂਆਂ ਤੋਂ ਹੀ ਸ਼ੁਰੂ ਹੋਇਆ ਅਤੇ ਹਿੰਦੂਆਂ ਤੋਂ ਹੀ ਵੱਧਿਆ। ਭਾਵ ਸਿੱਖੀ ਤਾਂ ਪ੍ਰੇਮ-ਭਾਵਨਾ ਨਾਲ ਵਧਦੀ ਹੈ, ਜੇਕਰ ਅਸੀਂ ਪ੍ਰੇਮ ਕਰਾਂਗੇ ਤਾਂ ਸਾਡੇ ਨਾਲ ਹੋਰ ਵੀ ਜੁੜਨਗੇ, ਜੇਕਰ ਵਿਰੋਧ ਕਰਾਂਗੇ ਜਾਂ ਵਿਤਕਰੇ ਕਰਾਂਗੇ ਤਾਂ ਜਿਹੜੇ ਹਨ, ਉਹ ਵੀ ਪਿੱਛੇ ਹੱਟ ਜਾਣਗੇ। ਆਪ ਜੀ ਨੇ ਸਿੱਖ ਪੰਥ ਨੂੰ ਵਧਾਉਣ ਸੰਬੰਧੀ ਬਹੁਤ ਸੌਖੇ ਜਿਹੇ ਨਾਅਰੇ ਵੀ ਦੱਸੇ; ਸਿੱਖ ਵੀਰੋ! ‘ਜੁੜੋਗੇ ਤਾਂ ਵਧੋਗੇ, ਲੜੋਗੇ ਤਾਂ ਘਟੋਗੇ’ ਅਤੇ ‘ਜੋੜਨਾ ਧਰਮ ਹੈ, ਤੋੜਨਾ ਅਧਰਮ ਹੈ’ ਆਦਿ। ਸੋ ਸਿੱਖ ਪੰਥ ਦੇ ਪਤਵੰਤੇ ਸੱਜਣਾਂ ਨੂੰ ਆਪਣੇ ਪੰਥ ਨੂੰ ਵਧਾਉਣ ਅਤੇ ਪ੍ਰਫੁੱਲਿਤ ਕਰਨ ਵਾਲੀ ਸੋਚ ਅਪਨਾਉਣ ਦੀ ਲੋੜ ਹੈ। ਇਸ ਲਈ ਆਪਾਂ ਨੂੰ ਸਾਰੇ ਹੀ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੀ ਸ਼ਰਧਾ ਭਾਵਨਾ ਨੂੰ ਮੁਖ ਰੱਖਦੇ ਹੋਏ, ਸਭ ਨਾਲ ਪ੍ਰੇਮ ਕਰਨ, ਆਪਣੇ ਪੰਥ ਦਾ ਪ੍ਰਚਾਰ ਕਰਨ ਅਤੇ ਆਪਣੇ ਗਰੀਬ ਸਿੱਖ ਭੈਣ ਭਰਾਵਾਂ ਦੀ ਮਦਦ ਕਰਨ ਦੀ ਵੀ ਲੋੜ ਹੈ ਤਾਂ ਹੀ ਅਸੀਂ ਪ੍ਰਫੁੱਲਿਤ ਹੋ ਕੇ ਸਾਰੇ ਸੰਸਾਰ ਵਿੱਚ ਖਾਲਸਾ ਰਾਜ ਦੀ ਸਥਾਪਨਾ ਕਰ ਸਕਦੇ ਹਾਂ।