ਜਲੰਧਰ (01-07-2021): ਬਦਲਦੇ ਮੌਸਮ ਨੂੰ ਦੇਖਦਿਆਂ ਸਿਹਤ ਵਿਭਾਗ ਸਰਗਰਮ ਹੈ ਕਿਉਂਕਿ ਬਰਸਾਤਾਂ ਸ਼ੁਰੂ ਹੋਣ ਦੇ ਨਾਲ ਡੇਂਗੂ ਅਤੇ ਚਿਕਨਗੁਨੀਆ ਵਰਗੀ
ਬੀਮਾਰੀ ਪੈਰ ਪਸਾਰਨ ਲੱਗਦੀਆਂ ਹਨ। ਇਸੇ ਨੂੰ ਦੇਖਦੇ ਹੋਏ ਇਸਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਜੁਲਾਈ ਮਹੀਨੇ ਨੂੰ ਡੇਂਗੂ ਅਤੇ ਚਿਕਨਗੁਨੀਆ
ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਦਫਤਰ ਸਿਵਲ ਸਰਜਨ ਵਿਖੇ ਡੇਂਗੂ ਅਤੇ ਚਿਕਨਗੁਨੀਆ ਦੀ ਜਾਗਰੂਕਤਾ ਦੇ ਲਈ ਸਿਵਲ
ਸਰਜਨ ਡਾ. ਬਲਵੰਤ ਸਿੰਘ ਵੱਲੋਂ ਜਾਗਰੂਕਤਾ ਪੋਸਟਰ ਰੀਲੀਜ਼ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ
ਭਲਾਈ ਅਫਸਰ ਡਾ. ਰਮਨ ਕੁਮਾਰ ਗੁਪਤਾ, ਜਿਲ੍ਹਾ ਹੈਲਥ ਅਫ਼ਸਰ ਡਾ. ਅਰੂਣ ਵਰਮਾ, ਜਿਲ੍ਹਾ ਐਪੇਡੀਮੋਲੋਜਿਸਟ ਡਾ. ਪਰਮਵੀਰ ਸਿੰਘ, ਬੀ.ਸੀ.ਜੀ. ਮੈਡੀਕਲ
ਅਫਸਰ ਡਾ. ਜੋਤੀ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ, ਏ.ਐਮ.ਓ. ਕੁਲਵੰਤ ਸਿੰਘ ਟਾਂਡੀ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ
ਸ਼ਰਮਾ, ਐਮ.ਪੀ.ਐਚ.ਡਲਬਯੂ. ਮਨਜੀਤ ਸਿੰਘ ਮੌਜੂਦ ਸਨ।
ਸਿਵਲ ਸਰਜਨ ਵੱਲੋਂ ਡੇਂਗੂ ਅਤੇ ਚਿਕਨਗੁਨੀਆ ਮਹੀਨੇ ਸਬੰਧੀ ਜਾਣਕਾਰੀ ਦਿੰਦੀਆਂ ਦੱਸਿਆ ਗਿਆ ਕਿ ਜੁਲਾਈ ਮਹੀਨੇ ਦੌਰਾਨ ਸ਼ਹਿਰ ਅਤੇ ਪਿੰਡ ਪੱਧਰ ਤੇ ਵੱਖ-
ਵੱਖ ਗਤੀਵਿਧੀਆਂ ਕਰਕੇ ਲੌਕਾਂ ਨੂੰ ਡੇਂਗੂ ਅਤੇ ਚਿਕਨਗੁਨੀਆ ਸਬੰਧੀ ਸਿਹਤ ਵਿਭਾਗ ਵੱਲੋਂ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਨਾਲ ਹੀ ਡੇਂਗੂ
ਦਾ ਬ੍ਰੀਡਿੰਗ ਸੀਜਨ ਵੀ ਸ਼ੁਰੂ ਹੋ ਗਿਆ ਹੈ। ਇਸ ਲਈ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਆਪਣੇ ਆਲੇ-ਦੁਆਲੇ ਕਿਸੇ ਵੀ ਸਥਾਨ ਤੇ ਸਾਫ ਪਾਣੀ ਖੜਾ ਨਾ ਹੋਣ
ਦਿੱਤਾ ਜਾਵੇ। ਹਰ ਸ਼ੁੱਕਰਵਾਰ ਨੂੰ ‘ਡਰਾਈ-ਡੇ ਫਰਾਈ-ਡੇ’ ਮਨਾਇਆ ਜਾ ਰਿਹਾ ਹੈ। ਇਸ ਦਿਨ ਆਪਣੇ ਘਰ ਅਤੇ ਆਲੇ-ਦੁਆਲੇ ਪਾਣੀ ਜਮਾ ਹੋਣ ਵਾਲੇ ਸਾਰੇ
ਸਥਾਨਾਂ ਅਤੇ ਸਾਧਨ ਜਿਵੇਂ ਕੂਲਰ, ਗਮਲਿਆਂ ਆਦਿ ਦੀ ਸਫਾਈ ਕੀਤੀ ਜਾਵੇ ਕਿਉਂਕਿ ਡੇਂਗੂ ਅਤੇ ਚਿਕਨਗੁਨੀਆ ਦਾ ਮੱਛਰ ਸਾਫ਼ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ।
ਡਾ. ਬਲਵੰਤ ਸਿੰਘ ਵੱਲੋਂ ਦੱਸਿਆ ਗਿਆ ਕਿ ਡੇਂਗੂ ਅਤੇ ਚਿਕਨਗੁਨੀਆ ਦਾ ਟੈਸਟ ਅਤੇ ਇਲਾਜ਼ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ
ਕਿਹਾ ਕਿ ਤੇਜ ਬੁਖਾਰ, ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿਚੋਂ ਖੂਨ ਦਾ ਵਗਣਾ
ਆਦਿ ਡੇਂਗੂ ਦੇ ਲੱਛਣ ਹਨ ਅਤੇ ਤੇਜ ਬੁਖਾਰ, ਸਿਰ ਦਰਦ, ਜੋੜਾਂ ਵਿੱਚ ਦਰਦ ਅਤੇ ਸੋਜ਼, ਚਮੜੀ ਤੇ ਦਾਣੇ ਅਤੇ ਖਾਰਿਸ਼ ਆਦਿ ਚਿਕਨਗੁਨੀਆ ਦੇ ਲੱਛਣ ਹਨ।
ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਤੇ ਆਲੇ-ਦੁਆਲੇ ਦੀ ਸਫਾਈ ਰੱਖੋਂ ਤਾਂ ਜੋ ਡੇਂਗੂ ਅਤੇ ਚਿਕਨਗੁਨੀਆ ਦੇ ਮੱਛਰ ਨੂੰ ਪੈਦਾ ਹੋਣ ਤੋਂ
ਰੋਕਿਆ ਜਾ ਸਕੇ ਅਤੇ ਇਸ ਬਿਮਾਰੀ ਤੋਂ ਬਚਿਆ ਜਾ ਸਕੇ।