ਜਲੰਧਰ (30-09-2021): ਤਿਉਹਾਰਾਂ ਦੇ ਸੀਜਨ ਨੂੰ ਮੱਦੇਨਜਰ ਰੱਖਦੇ ਹੋਏ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ। ਸਿਹਤ ਵਿਭਾਗ
ਵਲੋਂ ਬੀਤੇ ਦਿਨੀ ਜਬਤ ਕੀਤੇ ਗਏ ਖਾਧ ਪਦਾਰਥਾਂ ਦੇ ਸੈਂਪਲਾਂ ਵਿਚੋਂ 275 ਕਿਲੋ ਪਨੀਰ ਗੁਣਵੱਤਤਾ ਦੇ ਮਿਆਰ ਉੱਤੇ ਖਰ੍ਹਾ ਨਾ ਉਤਰਨ
ਕਰਕੇ ਵੀਰਵਾਰ ਨੂੰ ਨਸ਼ਟ ਕੀਤਾ ਗਿਆ। ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ
ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਰੁਣ ਵਰਮਾ ਅਤੇ ਉਨ੍ਹਾਂ ਦੀ ਟੀਮ ਵਲੋਂ ਗੁਰਦਾਸਪੁਰ ਨੰਬਰ ਗੱਡੀ ਨੂੰ ਗੁਰੂ ਅਮਰਦਾਸ ਚੌਂਕ ਨਜ਼ਦੀਕ ਰੋਕਿਆ
ਗਿਆ, ਜਿਸ ਵਿੱਚ 275 ਕਿੱਲੋ ਪਨੀਰ, 17 ਕਿੱਲੋ ਕਰੀਮ ਅਤੇ 60 ਕਿੱਲੋ ਦੇਸੀ ਘਿਉ ਸੀ। ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਸਮਾਨ ਦੀ ਜਾਂਚ
ਦੌਰਾਨ ਉਸ ਦੀ ਗੁਣਵੱਤਤਾ ਦਾ ਮਿਆਰ ਘੱਟ ਲੱਗਣ `ਤੇ ਮੌਕੇ `ਤੇ ਸਾਰੀਆਂ ਵਸਤਾਂ ਦੇ 3 ਸੈਂਪਲ ਭਰੇ ਗਏ ਸੀ ਅਤੇ ਸਮਾਨ ਨੂੰ ਜ਼ਬਤ ਕਰ
ਲਿਆ ਗਿਆ ਸੀ।
ਡਾ. ਬਲੰਵਤ ਸਿੰਘ ਵਲੋਂ ਦੱਸਿਆ ਗਿਆ ਕਿ ਜਬਤ ਕੀਤੇ ਸਮਾਨ ਵਿਚੋਂ 275 ਕਿਲੋ ਪਨੀਰ ਦੇ ਸੈਂਪਲ ਗੁਣਵੱਤਾ ਤੇ ਖਰੇ ਨਾ ਉਤਰਨ
ਕਰਕੇ ਵੀਰਵਾਰ ਨੂੰ ਜਿਲ੍ਹਾ ਸਿਹਤ ਅਫ਼ਸਰ ਅਰੁਣ ਵਰਮਾ ਅਤੇ ਉਨ੍ਹਾਂ ਦੀ ਟੀਮ ਵਲੋਂ ਇਸ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਜਿਲ੍ਹਾ
ਐਪੀਡਮੋਲੋਜਿਸਟ ਡਾ. ਪਰਮਵੀਰ ਸਿੰਘ, ਨਗਰ ਨਿਗਮ ਤੋਂ ਚੀਫ਼ ਇੰਸਪੈਕਟਰ ਸੋਨੀ ਗਿੱਲ, ਐਫ਼.ਐਸ.ਓ. ਰੋਬਿਨ ਕੁਮਾਰ, ਬੀ.ਈ.ਈ.
ਰਾਕੇਸ਼ ਸਿੰਘ, ਸ਼ੰਮੀ ਅਤੇ ਅਨਿਲ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਪੋਲਯੂਸ਼ਨ ਕੰਟਰੋਲ ਬੋਰਡ ਦੀ ਮੰਨਜੂਰੀ ਮਿਲਣ ਉਪਰੰਤ ਕਾਰਪੋਰੇਸ਼ਨ
ਜਲੰਧਰ ਦੇ ਸਹਿਯੋਗ ਨਾਲ ਨਸ਼ਟ ਕਰ ਦਿੱਤਾ ਗਿਆ ਹੈ। ਜਬਤ ਸਮਾਨ ਵਿਚੋਂ ਘਿਉ ਅਤੇ ਕਰੀਮ ਨੂੰ ਸੈਂਪਲ ਠੀਕ ਪਾਏ ਜਾਣ ਉਪਰੰਤ
ਰੀਲੀਜ਼ ਕਰ ਦਿੱਤਾ ਗਿਆ।
ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ ਜਲੰਧਰ ਜਿਲ੍ਹਾ ਪੰਜਾਬ ਵਿਚੋਂ ਫੂਡ ਸਰਵੇਲੈਂਸ ਵਿੱਚ ਪਹਿਲੇ ਸਥਾਨ  ਹੈ। ਸਿਹਤ ਵਿਭਾਗ ਵਲੋਂ
ਜਗ੍ਹਾ-ਜਗ੍ਹਾ ਛਾਪੇਮਾਰੀ ਕਰਕੇ ਖਾਣ ਵਾਲੀਆਂ ਵਸਤਾਂ ਦੀ ਗੁਣਵੱਤਤਾ ਚੈਕ ਕੀਤੀ ਜਾ ਰਹੀ ਹੈ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ
ਮਿਲਾਵਟ ਰਹਿਤ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚੈਕਿੰਗ `ਚ ਹੋਰ ਵੀ ਤੇਜ਼ੀ ਲਿਆਂਦੀ ਜਾਵੇਗੀ। ਤਿਉਹਾਰਾਂ ਦੇ ਮੱਦੇਨਜਰ
ਮਠਿਆਈਆਂ ਬਣਾਉਣ ਲਈ ਦੁੱਧ, ਦਹੀਂ, ਪਨੀਰ, ਖੋਇਆ ਆਦਿ ਦੀ ਜਮਾਖੋਰੀ ਰੋਕਣ ਲਈ ਸੈਂਪਲ ਭਰਨ ਵਿੱਚ ਤੇਜੀ ਲਿਆਂਦੀ ਜਾਵੇਗੀ
ਤਾਂ ਜੋ ਖਾਧ ਵਸਤਾਂ ਦੀ ਗੁਣਵੱਤਤਾ ਬਰਕਰਾਰ ਰੱਖ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨੂੰ ਰੋਕਿਆ ਜਾ ਸਕੇ।