
ਅੰਮ੍ਰਿਤਸਰ :- ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਗਈ ਮੁਹਿੰਮ ਤਹਿਤ ਸਥਾਨਕ ਸ਼ਹਿਰ ਨੇੜਲੇ ਪਿੰਡ ਮੂਧਲ ਦੇ ਗੁਰਦੁਆਰਾ ਸਾਹਿਬ ਵਿਖੇ ਬੇਰੁਜ਼ਗਾਰ ਹੋਏ ਗ੍ਰੰਥੀ ਸਿੰਘਾਂ ਦੇ 70 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਵੰਡਿਆ ਗਿਆ। ਰਾਸ਼ਨ ਵੰਡਣ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸੰਧੂ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ,ਵਿੱਤ ਸਕੱਤਰ ਨਵਜੀਤ ਸਿੰਘ ਘਈ,ਜਗਦੇਵ ਸਿੰਘ ਛੀਨਾ,ਕੈਪਟਨ ਵਿਜੇ ਕੁਮਾਰ ਨੇ ਦੱਸਿਆ ਕਿ ਡਾ.ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਤੀਜੇ ਪੜਾਅ ਤਹਿਤ 2000 ਤੋਂ ਵਧੇਰੇ ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਵੰਡਿਆ ਜਾ ਰਿਹਾ ਹੈ,ਜਿਸ ਤਹਿਤ ਅੱਜ ਦੇ ਪਿੰਡ ਮੂਧਲ ਦੇ ਗੁਰਦੁਆਰਾ ਸਾਹਿਬ ਵਿਖੇ ਵੱਖ-ਵੱਖ ਗੁਰੂ ਘਰਾਂ ਅੰਦਰ ਚੱਲਣ ਵਾਲੀਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਤੇ ਹੋਰ ਧਾਰਮਿਕ ਸਮਾਗਮ ਆਦਿ ਬੰਦ ਹੋਣ ਕਾਰਨ ਰੋਜ਼ੀ-ਰੋਟੀ ਤੋਂ ਆਤੁਰ ਹੋਏ ਇਸ ਇਲਾਕੇ ਦੇ 70 ਗ੍ਰੰਥੀ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਗਿਆ ਹੈ। ਇਸ ਦੌਰਾਨ ਮੌਜੂਦ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਤੋਂ ਇਲਾਵਾ ਉਕਤ ਗ੍ਰੰਥੀ ਸਿੰਘਾਂ ਦੇ ਆਗੂ ਅੰਮ੍ਰਿਤਪਾਲ ਸਿੰਘ,ਅਮਰਜੀਤ ਸਿੰਘ, ਸੁਰਜੀਤ ਸਿੰਘ ਆਦਿ ਨੇ ਇਸ ਔਖੀ ਘੜੀ ਵੇਲੇ ਗੁਰੂ ਘਰ ਦੇ ਵਜ਼ੀਰਾਂ ਦੀ ਮਦਦ ਲਈ ਅੱਗੇ ਆਉਣ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਾਂ ਦੀ ਸਤਿਕਾਰਤ ਹਸਤੀ ਡਾ.ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਲਈ ਕੀਤੇ ਜਾਂਦੇ ਵੱਡੇ ਪਰਉਪਕਾਰਾਂ ਸਦਕਾ ਸਿੱਖ ਕੌਮ ਦੇ ਨਾਲ-ਨਾਲ ਸਮੁੱਚੀ ਪੰਜਾਬੀਅਤ ਦਾ ਸਿਰ ਫ਼ਖ਼ਰ ਨਾਲ ਉੱਚਾ ਹੋਇਆ ਹੈ।