ਜਲੰਧਰ 07 ਅਗਸਤ 2020

ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਬਦਲਾਅ ਲਿਆਉਣ ਦੇ ਮੰਤਵ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਗਨਰੇਗਾ ਪ੍ਰੋਗਰਾਮ ਤਹਿਤ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ।

ਇਸ ਨਾਲ ਮਗਨਰੇਗਾ ਕਾਮਿਆਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਮਿਲ ਸਕਣਗੇ ਜਿਸ ਨਾਲ ਉਨਾਂ ਲਈ ਰੋਜ਼ੀ ਰੋਟੀ ਕਮਾਉਣਾ ਹੋਰ ਅਸਾਨ ਹੋਵੇਗਾ।

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵਲੋਂ ਭੇਜੀ ਗਈ ਮੁੱਢਲੀ ਤਜਵੀਜ਼ ਅਨੁਸਾਰ 212 ਸਕੂਲਾਂ ਵਿੱਚ ਨਵੀਂ ਚਾਰ ਦਿਵਾਰੀ ਅਤੇ ਇਸ ਦੀ ਮੁਰੰਮਤ, 514 ਪਾਰਕਾਂ, 325 ਖੇਡ ਮੈਦਾਨਾਂ, 301 ਥਾਵਾਂ ’ਤੇ ਪੌਦੇ ਲਗਾਉਣਾ ਅਤੇ 180 ਪਖ਼ਾਨਿਆਂ ਦੀ ਮੁਰੰਮਤ ਕੀਤੀ ਜਾਣੀ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਵਲੋਂ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਜਿਸ ਵਿੱਚ 152 ਚਾਰ ਦਿਵਾਰੀਆਂ ਦੀ ਮੁਰੰਮਤ ਅਤੇ ਨਵੇਂ ਕੰਮ , 217 ਪਾਰਕਾਂ, 188 ਖੇਡ ਮੈਦਾਨਾਂ, 185 ਥਾਵਾਂ ’ਤੇ ਪੌਦੇ ਲਗਾਉਣੇ ਅਤੇ 175 ਪਖ਼ਾਨਿਆਂ ਦੀ ਮੁਰੰਮਤ ਦੇ ਕੰਮ ਸ਼ਾਮਿਲ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ  ਘਨਸ਼ਿਆਮ ਥੋਰੀ ਨੇ ਕਿਹਾ ਕਿ ਇਸ ਨਿਵੇਕਲੀ ਪਹਿਲ ਤਹਿਤ ਸਕੂਲੀ ਸਿੱਖਿਆ ਵਿਭਾਗ ਨੂੰ ਸਕੂਲਾਂ ਵਿੱਚ ਇਹ ਸਾਰੇ ਕੰਮ ਕਰਵਾਉਣ ਲਈ ਅਧਿਕਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੀਆਂ ਚਾਰ ਦਿਵਾਰੀਆਂ ਦੀ ਮੁਰੰਮਤ/ਸਾਂਭ ਸੰਭਾਲ, ਪਾਰਕਾਂ, ਖੇਡ ਮੈਦਾਨਾਂ, ਪਖ਼ਾਨਿਆਂ, ਪੌਦੇ ਲਗਾਉਣ ਅਤੇ ਵਣ ਮਿੱਤਰਾ ਲਗਾਉਣਾ ਆਦਿ ਕੰਮ ਕੀਤੇ ਜਾਣਗੇ।

ਥੋਰੀ ਨੇ ਕਿਹਾ ਕਿ ਇਹ ਵਿਕਾਸ ਕਾਰਜ ਸਕੂਲਾਂ ਦੇ ਸਰਵਪੱਖੀ ਵਿਕਾਸ ਨੂੰ ਵੱਡਾ ਹੁਲਾਰਾ ਦੇਣਗੇ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਨਾਲ ਬਿਹਤਰ ਤਾਲਮੇਲ ਲਈ ਇਕ ਤਕਨੀਕੀ ਸਹਾਇਕ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਪ੍ਰੋਜੈਕਟ ਨੂੰ ਤੇਜੀ ਨਾਲ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਇਹ ਸਾਰੇ ਕੰਮ ਪਹਿਲ ਦੇ ਅਧਾਰ ’ਤੇ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਰਾਹੀਂ ਲੋੜਵੰਦ ਤੇ ਗ਼ਰੀਬ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।