ਜਲੰਧਰ : ਸਰਦਾਰ ਬਲਬੀਰ ਸਿੰਘ ਇੱਕ ਨਿਪੁੰਨ ਸਿਆਸਤ ਦਾਨ ਹੋਣ ਦੇ ਨਾਲ-ਨਾਲ ਇੱਕ ਉੱਘੇ ਸਿੱਖਿਆ-ਸ਼ਾਸਤਰੀ, ਇੱਕ ਸੁਲਝੇ ਹੋਏ ਪ੍ਰਸ਼ਾਸਕ ਅਤੇ ਇੱਕ ਸੁਹਿਰਦ ਇਨਸਾਨ ਸਨ। ਉਨ੍ਹਾ ਨੇ ਲਾਇਲਪੁਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਵਜੋਂ 35 ਸਾਲ ਉਚੇਰੀ ਸਿੱਖਿਆ ਨੂੰ ਸਮਰਪਿਤ ਭਾਵਨਾ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ। ਉਹਨਾਂ ਦੀ ਅਗਵਾਈ ਵਿੱਚ ਕਾਲਜ ਨੇ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਵਜੋਂ ਆਪਣਾ ਸ਼ਾਨਾਮੱਤਾ ਇਤਿਹਾਸ ਸਿਰਜਿਆ। ਸ. ਬਲਬੀਰ ਸਿੰਘ ਨੇ ਉਚੇਰੀ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਵਿੱਚ ਇੱਕ ਉੱਘੇ ਸਿੱਖਿਆ ਸ਼ਾਸਤਰੀ ਵਜੋਂ ਮੋਹਰੀ ਭੂਮਿਕਾ ਨਿਭਾਈ। ਉਹ ਕੰਪਿਊਟਰ ਦੀ ਵਿੱਦਿਆ ਕਾਲਜ ਪੱਧਰ ‘ਤੇ ਸ਼ੁਰੂ ਕਰਨ ਬਾਰੇ ਸੋਚਣ ਵਾਲੇ ਅਤੇ ਕਾਲਜਾਂ ਵਿੱਚ ਤਕਨੀਕੀ ਸਿੱਖਿਆ ਸ਼ੁਰੂ ਕਰਨ ਵਾਲੇ ਖੇਤਰ ਦੇ ਪਹਿਲੇ ਵਿਅਕਤੀ ਸਨ। ਉਹਨਾਂ ਨੇ ਕੇਵਲ ਵਿੱਦਿਅਕ ਸੰਸਥਾਵਾਂ ਸ਼ੁਰੂ ਹੀ ਨਹੀਂ ਕੀਤੀਆਂ, ਸਗੋਂ ਵਿੱਦਿਆ ਦੇ ਖੇਤਰ ਵਿੱਚ ਅਜਿਹੇ ਮਿਆਰ ਵੀ ਸਥਾਪਤ ਕੀਤੇ, ਜਿਸ ਨਾਲ ਵਿਦਿਆਰਥੀਆਂ ਦੇ ਜੀਵਨ ਦਾ ਸਰਵ-ਪੱਖੀ ਵਿਕਾਸ ਹੋ ਸਕੇ। ਇਸ ਲਈ ਉਹਨਾਂ ਨੇ ਵਿਦਿਆਰਥੀਆਂ ਦੀ ਅਕਾਦਮਿਕ ਵਿੱਦਿਆ ਦੇ ਨਾਲ-ਨਾਲ ਖੋਜ, ਸਾਹਿਤਕ, ਖੇਡਾਂ ਅਤੇ ਕਲਚਰਲ ਗਤੀਵਿਧੀਆਂ ਵਿੱਚ ਵੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਇਆ। ਉਹਨਾਂ ਦੇ ਸੁਫਨਿਆਂ ਤੇ ਉਨ੍ਹਾਂ ਦੁਆਰਾ ਪਾਈਆਂ ਲੀਹਾਂ ਦੀ ਬਦੌਲਤ ਕਾਲਜ ਦੇ ਵਿਦਿਆਰਥੀ ਹਰ ਸਾਲ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ ਮੈਰਿਟ ਵਿਚ ਆਉਂਦੇ ਹਨ। ਉਹਨਾਂ ਦੁਆਰਾ ਪਾਏ ਪੂਰਨਿਆਂ ਸਦਕਾ ਕਾਲਜ ਨੇ ਖੇਡਾਂ ਦੇ ਖੇਤਰ ਵਿਚ 24 ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੰਦਰੀ ਟ੍ਰਾਫੀ ਜਿੱਤੀ। ਕਲਚਰਲ ਖੇਤਰ ਵਿਚ ਕਾਲਜ ਨੇ ਜਿੱਥੇ ਨਾਮਵਰ ਕਲਾਕਾਰ ਪੈਦਾ ਕੀਤੇ, ਉਥੇ ਯੂਨੀਵਰਸਿਟੀ ਦੇ ਇੰਟਰ ਜ਼ੋਨਲ ਯੁਵਕ ਮੇਲੇ ਦੀ ਓਵਰਆਲ ਟਰਾਫੀ ਜਿੱਤੀ। ਇਸੇ ਤਰ੍ਹਾਂ ਜ਼ੋਨਲ ਯੁਵਕ ਮੇਲਿਆਂ ਵਿੱਚ ਤਿੰਨ ਵਾਰ ਓਵਰਆਲ ਟ੍ਰਾਫੀ ਜਿੱਤੀ ਅਤੇ ਤਿੰਨ ਵਾਰ ਫਸਟ ਰੱਨਰਅਪ ਟ੍ਰਾਫੀ ਤੇ ਵੀ ਕਾਬਿਜ਼ ਰਹੇ। ਸ. ਬਲਬੀਰ ਸਿੰਘ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਇਸੇ ਕਰਕੇ ਵਿੱਦਿਆ ਅਤੇ ਰਾਜਨੀਤੀ ਦੀਆਂ ਦੋ ਬੇੜੀਆਂ ਵਿੱਚ ਸਵਾਰ ਹੋ ਕੇ ਵੀ ਉਹ ਦੋਹਾਂ ਖੇਤਰਾਂ ਵਿੱਚ ਅਣਥੱਕ ਤੇ ਵੱਡਮੁੱਲੀਆਂ ਸੇਵਾਵਾਂ ਦਿੰਦੇ ਰਹੇ। ਉਹ ਪੰਜਾਬ ਸਰਕਾਰ ਵਿੱਚ 1972 ਤੋਂ 1977 ਤੱਕ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਰਹੇ, 1992 ਤੋਂ 1998 ਤੱਕ ਰਾਜ ਸਭਾ ਮੈਂਬਰ ਰਹੇ ਅਤੇ 1999 ਤੋਂ 2004 ਤੱਕ ਲੋਕ ਸਭਾ ਦੇ ਮੈਂਬਰ ਰਹੇ ਅਤੇ 2005 ਤੋਂ 2008 ਤੱਕ ਐਨ.ਆਰ.ਆਈ ਸਭਾ ਪੰਜਾਬ ਦੇ ਪੈਟਰਨ ਰਹੇ। ਇਸ ਤੋਂ ਇਲਾਵਾਂ ਉਹ ਅਮੈਚਿਓਰ ਕੱਬਡੀ ਫੈਡਰੇਸ਼ਨ ਆਫ ਇੰਡੀਆ ਦੇ 1994 ਤੋਂ 2008 ਤੱਕ ਚੇਅਰਮੈਨ ਵੀ ਰਹੇ।

ਸ. ਬਲਬੀਰ ਸਿੰਘ ਨੇ ਬਤੌਰ ਮੰਤਰੀ ਅਤੇ ਸੰਸਦ ਮੈਂਬਰ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਹਰ ਕੰਮ ਨੂੰ ਬੜੀ ਨਿਸ਼ਠਾ ਅਤੇ ਪ੍ਰਤੀਬੱਧਤਾ ਨਾਲ ਕੀਤਾ। ਉਹ ਕਾਲਜਾਂ ਦੀਆਂ ਮੈਨੇਜਮੈਂਟਾਂ ਦੇ ਚੇਅਰਮੈਨ ਵਜੋਂ ਸਮੇਂ-ਸਮੇਂ ਤੇ ਕਾਲਜਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾੳਂੁਦੇ ਰਹੇ। ਉਹਨਾਂ ਨੇ ਆਪਣਾ ਸੰਪੂਰਨ ਜੀਵਨ ਸਮਾਜ, ਸਿੱਖਿਆ ਅਤੇ ਲੋੋਕ ਹਿਤਾਇਸ਼ੀ ਕਦਰਾਂ ਕੀਮਤਾਂ ਨੂੰ ਪ੍ਰੱਫੁਲਤ ਕਰਨ ਲਈ ਲਗਾਇਆ। ਸ. ਬਲਬੀਰ ਸਿੰਘ ਇੱਕ ਪ੍ਰਬੁੱਧ ਪ੍ਰਸ਼ਾਸਕ ਸਨ। ਉਹਨਾਂ ਨੇ ਪੂਰਨ ਰੂਪ ਵਿੱਚ ਸਿੱਖਿਆ ਨੂੰ ਸਮਰਪਿਤ ਹੋ ਕੇ ਵਿਦਿਆਰਥੀ ਭਲਾਈ ਵਾਸਤੇ ਨਿੱਠ ਕੇ ਕੰਮ ਕੀਤਾ। ਉਨਾਂ ਨੇ ਲਾਇਲਪੁਰ ਖ਼ਾਲਸਾ ਸੰਸਥਾਵਾਂ ਖੋਲ ਕੇ ਸਮਾਜ ਨੂੰ ਰਵਾਇਤੀ ਸਿੱਖਿਆ, ਕਾਨੂੰਨੀ ਸਿੱਖਿਆ, ਤਕਨੀਕੀ ਸਿੱਖਿਆ, ਆਦਿ ਪ੍ਰਦਾਨ ਕਰਨ ਲਈ, ਸਕੂਲ, ਡਿਗਰੀ ਕਾਲਜ, ਬੀ.ਐਡ. ਕਾਲਜ ਖੋਲੇ। ਉਹਨਾਂ ਦੇ ਸੁਪਨਿਆਂ ਨੂੰ ਪੂਰਨ ਰੂਪ ਵਿੱਚ ਪੂਰਾ ਕਰਨ ਲਈ ਕਾਲਜ ਗਵਰਨਿੰਗ ਕੌਂਸਿਲ ਨੇ ਜਲੰਧਰ ਵਿਖੇ ਟੈਕਨੀਕਲ ਤੇ ਇੰਜੀਨੀਅਰਿੰਗ ਕਾਲਜ ਖੋਲਿਆ। ਇਸੇ ਤਰ੍ਹਾਂ ਕਪੂਰਥਲਾ ਵਿਖੇ ਲਾਇਲਪੁਰ ਖ਼ਾਲਸਾ ਕਾਲਜ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਕਾਲਜ ਗਵਰਨਿੰਗ ਕੌਂਸਿਲ ਅਤੇ ਸਮੂਹ ਮੈਨੇਜਮੈਂਟ ਦੀ ਸੁਯੋਗ ਅਗਵਾਈ ਵਿੱਚ ਖੋਲਿ੍ਹਆ ਗਿਆ ਹੈ।

5 ਦਸੰਬਰ ਨੂੰ ਸ. ਬਲਬੀਰ ਸਿੰਘ ਦਾ ਜਨਮ ਦਿਨ ਹੈ। ਇਸ ਦਿਨ ਨੂੰ ਕਾਲਜ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸ. ਬਲਬੀਰ ਸਿੰਘ ਖੁਦ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਸਨ। ਕਾਲਜ ਦੇ ਉਹ ਮਾਣਮੱਤੇ ਪੁਰਾਣੇ ਵਿਦਿਆਰਥੀ, ਜਿਨ੍ਹਾਂ ਸਦਕਾ ਕਾਲਜ ਹਮੇਸ਼ਾ ਬੁਲੰਦੀਆਂ ਨੂੰ ਛੂੰਹਦਾ ਰਿਹਾ ਹੈ। ਕਾਲਜ ਦੇ ਪੁਰਾਣੇ ਵਿਦਿਆਰਥੀ ਕਾਲਜ ਵਿਖੇ ਇੱਕਤਰ ਹੋ ਕੇ ਯਾਦਾਂ ਤਾਜ਼ੀਆਂ ਕਰਦੇ ਹੋਏ ਸ. ਬਲਬੀਰ ਸਿੰਘ ਦਾ ਜਨਮ ਦਿਨ ਮਨਾਉਂਦੇ ਹਨ। ਇਸ ਸਾਲ ਵੀ 5 ਦਸੰਬਰ 2019 ਨੂੰ ਕਾਲਜ ਵਿੱਚ ਸ਼ਾਮ 5 ਵਜੇ ਇੱਕ ਪ੍ਰਭਾਵਸ਼ਾਲੀ ਸਮਾਗਮ ਰੱਖਿਆ ਗਿਆ। ਹੈ। ਸਮੂਹ ਪੁਰਾਣੇ ਵਿਦਿਆਰਥੀਆਂ ਦਾ ਇਸ ਸਲਾਨਾਂ ਵਿਦਿਆਰਥੀ ਮਿਲਣੀ ਵਿੱਚ ਸੁਆਗਤ ਹੈ। ਸ. ਬਲਬੀਰ ਸਿੰਘ ਦੁਆਰਾ ਮਨੁੱਖਤਾ ਲਈ ਕੀਤੇ ਕਾਰਜਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਲਾਇਲਪੁਰ ਖ਼ਾਲਸਾ ਕਾਲਜ ਸ. ਬਲਬੀਰ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਨੂੰ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਰੂਪ ਵਿੱਚ ਮਨਾ ਕੇ ਅਤਿਅੰਤ ਮਾਣ ਮਹਿਸੂਸ ਕਰਦਾ ਹੈ ਅਤੇ ਸ. ਬਲਬੀਰ ਸਿੰਘ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦਾ ਹੈ।