ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਅੱਜ ਹੋਏ ਡੈਲੀਗੇਟ ਇਜਲਾਸ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਸਰਬਸੰਮਤੀ ਨਾਲ ਮੁੜ ਪਾਰਟੀ ਪ੍ਰਧਾਨ ਚੁਣਿਆ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ‘ਚ ਦੁਪਹਿਰ ਬਾਅਦ ਇੱਕ ਵਜੇ ਅਰਦਾਸ ਉਪਰੰਤ ਆਰੰਭ ਹੋਏ ਇਜਲਾਸ ਮੌਕੇ ਸੀਨੀਅਰ ਪਾਰਟੀ ਆਗੂ ਜਥੇਦਾਰ ਤੋਤਾ ਸਿੰਘ ਨੇ ਸੁਖਬੀਰ ਬਾਦਲ ਦਾ ਨਾਮ ਪਾਰਟੀ ਪ੍ਰਧਾਨ ਵਜੋਂ ਪੇਸ਼ ਕੀਤਾ , ਜਿਸ ਦੀ ਤਈਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਜਗਮੀਤ ਬਰਾੜ ਵਲੋਂ ਕੀਤੀ ਗਈ ਹੈ।
ਜਿਸ ਤੋਂ ਬਾਅਦ ਡੈਲੀਗੇਟ ਇਜਲਾਸ ਵਿੱਚ ਹਾਜ਼ਿਰ ਸਮੂਹ ਡੇਲੀਗੇਟਸ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਸੁਖਬੀਰ ਬਾਦਲ ਦੀ ਚੋਣ ਨੂੰ ਆਪਣੀ ਪ੍ਰਵਾਨਗੀ ਦਿੱਤੀ ,ਕਿਉਂਕਿ ਪ੍ਰਧਾਨ ਲਈ ਕੋਈ ਹੋਰ ਨਾਂਅ ਸਾਹਮਣੇ ਨਹੀਂ ਆਇਆ। ਇਸ ਡੈਲੀਗੇਟ ਇਜਲਾਸ ਦੌਰਾਨ ਬੀਬੀ ਉਪਿੰਦਰਜੀਤ ਕੌਰ, ਮਹੇਸ਼ਇੰਦਰ ਸਿੰਘ ਗਰੇਵਾਲ, ਬੀਬੀ ਜਗੀਰ ਕੌਰ,ਹਰਮੇਲ ਸਿੰਘ ਟੌਹੜਾ, ਜਨਮੇਜਾ ਸਿੰਘ ਸੇਖੋਂ, ਵਿਰਸਾ ਸਿੰਘ ਵਲਟੋਹਾ, ਹੀਰਾ ਸਿੰਘ ਗਾਬੜੀਆ ਅਤੇ ਗੁਲਜ਼ਾਰ ਸਿੰਘ ਰਣੀਕੇ ਵਲੋਂ ਵੱਖ -ਵੱਖ ਮਤੇ ਪੜ੍ਹ ਕੇ ਸੁਣਾਏ ਗਏ ਅਤੇ ਹਾਊਸ ਦੀ ਪ੍ਰਵਾਨਗੀ ਲਈ ਗਈ ਹੈ।
ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਪ੍ਰਧਾਨ ਚੁਣੇ ਗਏ ਹਨ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ , ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ , ਡਾ. ਦਲਜੀਤ ਸਿੰਘ ਚੀਮਾ ,ਜਥੇਦਾਰ ਤੋਤਾ ਸਿੰਘ ,ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ,ਜਗਮੀਤ ਬਰਾੜ ,ਮਨਜਿੰਦਰ ਸਿਰਸਾ ,ਮਹੇਸ਼ਇੰਦਰ ਸਿੰਘ ਗਰੇਵਾਲ, ਬੀਬੀ ਜਗੀਰ ਕੌਰ,ਹਰਮੇਲ ਸਿੰਘ ਟੌਹੜਾ, ਜਨਮੇਜਾ ਸਿੰਘ ਸੇਖੋਂ, ਵਿਰਸਾ ਸਿੰਘ ਵਲਟੋਹਾ, ਹੀਰਾ ਸਿੰਘ ਗਾਬੜੀਆ ,ਗੁਲਜ਼ਾਰ ਸਿੰਘ ਰਣੀਕੇ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿੱਚ ਵੀਰਵਾਰ ਨੂੰ ਗੁਰੂਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਆਰੰਭ ਹੋਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਅੱਜ ਪਾਏ ਗਏ ਹਨ। ਇਸ ਦੌਰਾਨ 12 ਦਸੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਵਲੋਂ ਦਰਬਾਰ ਸਾਹਿਬ ਦੇ ਜੋੜਾ ਘਰਾਂ ‘ਚ ਜੋੜੇ ਝਾੜਨ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਖੇ ਜੂਠੇ ਭਾਂਡਿਆਂ ਦੀ ਸੇਵਾ ਲਗਾਤਾਰ 3 ਦਿਨ ਕੀਤੀ ਗਈ ਹੈ।