
ਫਗਵਾੜਾ 18 ਸਤੰਬਰ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਵਲੋਂ ਬੀਤੇ ਦਿਨ ਕਿਸਾਨ ਵਿਰੋਧੀ ਆਰਡੀਨੈਂਸ ਲੋਕਸਭਾ ਵਿਚ ਪਾਸ ਹੋਣ ਉਪਰੰਤ ਕੇਂਦਰ ਦੀ ਵਜਾਰਤ ਤੋਂ ਦਿੱਤੇ ਅਸਤੀਫੇ ਨੂੰ ਮਹਿਜ ਇਕ ਸਿਆਸੀ ਡਰਾਮਾ ਦੱਸਦੇ ਹੋਏ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਤੱਕ ਸੁਖਬੀਰ ਬਾਦਲ ਅਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਖੇਤੀ ਸਬੰਧੀ ਆਰਡੀਨੈਂਸਾਂ ਦੀ ਅਖਬਾਰਾਂ ਦੇ ਪਹਿਲੇ ਸਫਿਆਂ ਉੱਪਰ ਵਕਾਲਤ ਕਰਕੇ ਮੋਦੀ ਸਰਕਾਰ ਦੀ ਪਿੱਠ ਥਾਪ ਰਹੇ ਅਤੇ ਹੁਣ ਜਦੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਮੋਦੀ ਸਰਕਾਰ ਨੇ ਲੋਕਸਭਾ ਵਿਚ ਪਾਸ ਕਰਵਾ ਲਏ ਹਨ ਤਾਂ ਹਰਸਿਮਰਤ ਅਸਤੀਫਾ ਦੇਣ ਦਾ ਡਰਾਮਾ ਕਰ ਰਹੀ ਹੈ ਜਦਕਿ ਸ੍ਰੋਮਣੀ ਅਕਾਲੀ ਦੱਲ ਅੱਜ ਵੀ ਐਨ.ਡੀ.ਏ. ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੀ ਹੈ। ਜੇਕਰ ਬਾਦਲ ਪਰਿਵਾਰ ਹੁਣ ਮੰਨਦਾ ਹੈ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ ਤਾਂ ਅਸਤੀਫਾ ਦੇਣ ਦੇ ਨਾਲ ਹੀ ਐਨ.ਡੀ.ਏ. ਤੋਂ ਵੱਖ ਹੋਣ ਦਾ ਐਲਾਨ ਕਿਉਂ ਨਹੀਂ ਕੀਤਾ ਗਿਆ? ਉਹਨਾਂ ਪੰਜਾਬ ਤੋਂ ਭਾਜਪਾ ਦੇ ਦੋ ਮੈਂਬਰ ਪਾਰਲੀਮੈਂਟ ਸੋਮ ਪ੍ਰਕਾਸ਼ ਕੈਂਥ ਅਤੇ ਸਨੀ ਦਿਓਲ ਤੋਂ ਵੀ ਸਵਾਲ ਕੀਤਾ ਕਿ ਉਹ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਲੈ ਕੇ ਚੁੱਪ ਕਿਉਂ ਹਨ। ਜਦਕਿ ਹੁਸ਼ਿਆਰਪੁਰ ਕਾਫੀ ਹੱਦ ਤਕ ਅਤੇ ਗੁਰਦਾਸਪੁਰ ਪੂਰੀ ਤਰਾ ਕਿਸਾਨੀ ਉੱਪਰ ਨਿਰਭਰ ਲੋਕਸਭਾ ਹਲਕਾ ਹੈ। ਇੱਥੋਂ ਦੇ ਲੱਖਾਂ ਕਿਸਾਨਾ ਨੇ ਭਾਜਪਾ ਦੇ ਉਕਤ ਆਗੂਆਂ ਨੂੰ ਆਪਣੀ ਵੋਟ ਨਾਲ ਜਿਤਾ ਕੇ ਸੰਸਦ ਵਿਚ ਭੇਜਿਆ ਹੈ ਫਿਰ ਇਹ ਕਿਸਾਨਾ ਦੇ ਹੱਕ ਦੀ ਗੱਲ ਸੰਸਦ ਵਿਚ ਕਿਉਂ ਨਹੀਂ ਰੱਖ ਸਕੇ? ਮਾਨ ਨੇ ਕਿਹਾ ਕਿ ਕਰੀਬ 25 ਸਾਲ ਤੱਕ ਭਾਜਪਾ ਅਤੇ ਮੋਦੀ ਨਾਲ ਰਹਿ ਕੇ ਬਾਦਲ ਪਰਿਵਾਰ ਵੀ ਜੁਮਲੇ ਬਾਜੀ ਸਿਖ ਗਿਆ ਹੈ। ਪੰਜਾਬ ਵਿਚ ਕਿਸਾਨਾ ਦੇ ਤਿੱਖੇ ਰੋਹ ਨੂੰ ਦੇਖਦੇ ਹੋਏ ਮਜਬੂਰੀ ਵਿਚ ਹਰਸਿਮਰਤ ਬਾਦਲ ਦਾ ਅਸਤੀਫਾ ਦੁਆਇਆ ਗਿਆ ਤਾਂ ਜੋ ਕਿਸਾਨਾ ਦੇ ਉਸ ਵੋਟ ਬੈਂਕ ਨੂੰ ਬਚਾਇਆ ਜਾ ਸਕੇ ਜਿਸ ਦੇ ਸਿਰ ਤੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਰਾਜ ਸੱਤਾ ਦਾ ਸੁੱਖ ਭੋਗਿਆ ਲੇਕਿਨ ਪੰਜਾਬ ਦਾ ਕਿਸਾਨ ਹੁਣ ਬਾਦਲਾਂ ਦੇ ਕਿਸੇ ਵਰਗਲਾਵੇ ਵਿਚ ਨਹੀਂ ਆਵੇਗਾ